ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਦਲਾਂ ਦੀ ਛਾਂ

ਨਾ ਵੇ ਅੜਿਆ ਨਾਂਹ।
ਤੂੰ ਛੱਡ ਮੇਰੀ ਬਾਂਹ।
ਦੱਸ ਕੀਹਨੇ ਫੜੀ ਅੱਜ ਤੱਕ,
ਬੱਦਲਾਂ ਦੀ ਛਾਂ।

ਪੁੰਗਾਰਾ

ਮਨ ਦੇ ਬਾਗ 'ਚ ਕੌਣ ਗੁਆਚਾ,
ਪੱਤਝੜ ਰੁੱਤੇ।
ਵੇਖ ਪੁੰਗਾਰਾ,
ਚੰਬਾ ਖਿੜਿਆ ਟਾਹਣੀਆਂ ਉੱਤੇ।

ਸੂਰਜ ਮੈਨੂੰ ਕੀਹ ਆਖੇਗਾ?

ਜਿਸਨੂੰ ਅੱਜ ਤੱਕ ਮਾਂ ਕਹਿੰਦਾ ਸਾਂ,
ਧਰਤੀ ਨਾਲ ਨਿਭਾ ਨਹੀਂ ਸਕਿਆ।
ਇਸ ਵਣ ਤ੍ਰਿਣ ਤੇ ਖ਼ੁਸ਼ਬੋਈ ਨੂੰ,
ਲਾਲਚ ਵੱਸ ਬਚਾ ਨਹੀਂ ਸਕਿਆ।
ਜਿਸ ਪਿੰਡ ਮੈਨੂੰ ਗੋਦ ਖਿਡਾਇਆ,
ਓਥੇ ਮੁੜ ਕੇ ਜਾ ਨਹੀਂ ਸਕਿਆ।
ਧਰਮੀ ਬਾਬਲ ਸੂਰਜ ਮੈਨੂੰ ਕੀਹ ਆਖੇਗਾ?

ਧਰਤੀ ਨਾਦ/ 94