ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੀ ਧੀ ਮਨਿੰਦਰ

ਬਾਪੂ ਜੀ ਦੀ ਪੋਤੀ।
ਘੜੇ ਜਿੱਡਾ ਮੋਤੀ।
ਹੰਝੂਆਂ ਦੇ ਨਾਲ ਜਦੋਂ ਭਰਦੀ ਏ ਅੱਖਾਂ।
ਅੱਖਾਂ ਅੱਗੋਂ ਲੰਘਦੀਆਂ ਇਹੋ ਜੇਹੀਆਂ ਲੱਖਾਂ।
ਕਿੱਥੇ ਸੀ ਇਹ ਜੰਮੀ,
ਤੇ ਕਿੱਥੇ ਤੁਰ ਚੱਲੀ?
ਮੇਰੀ ਮਾਂ ਦੇ ਚਰਖ਼ੇ 'ਤੇ,
ਕੱਤੀ ਹੋਈ ਛੱਲੀ।
ਨਾ ਨੀ ਧੀਏ ਰੋ,
ਕੌਣ ਭਲਾ ਦੱਸ ਵੰਡ ਸਕਦਾ ਏ,
ਅੱਗ, ਸੂਰਜ ਤੇ ਲੋਅ।

ਅੱਗ ਦੇ ਖਿਡੌਣੇ

ਜਿੰਨ੍ਹਾਂ ਕੋਲ ਹਥਿਆਰ ਹਨ।
ਉਹ ਬਿਲਕੁਲ ਨਹੀਂ ਜਾਣਦੇ,
ਕਿ ਉਨ੍ਹਾਂ ਦੇ ਵਿਰੋਧੀਆਂ ਦੇ ਬੱਚੇ ਵੀ,
ਖਿਡੌਣਿਆਂ ਨਾਲ ਖੇਡਣਾ ਚਾਹੁੰਦੇ ਨੇ।
ਜਿੰਨ੍ਹਾਂ ਕੋਲ ਆਪਣੇ ਦੁਸ਼ਮਣਾਂ ਲਈ,
ਅੱਗ ਦੇ ਖਿਡੌਣੇ ਨੇ।
ਜੋ ਉਨ੍ਹਾਂ ਦੂਰ ਦੇਸ ਜਾ ਕੇ,
ਸ਼ੌਕੀਆ ਚਲੌਣੇ ਨੇ।
ਕਿਵੇਂ ਜਾਣ ਸਕਦੇ ਨੇ?
ਕਿ ਬੱਚਿਆਂ ਲਈ ਖਿਡੌਣੇ ਇਹੋ ਜਹੇ ਨਹੀਂ ਹੁੰਦੇ।

ਧਰਤੀ ਨਾਦ/ 95