ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਜਰੀ ਲੋਏ

ਜੇ ਸੂਰਜ ਤੇ ਧਰਤੀ ਦੋਵੇਂ,
ਸਦੀਆਂ ਤੋਂ ਨਹੀਂ 'ਕੱਠੇ ਹੋਏ।
ਦੱਸ ਨੀ ਮੇਰੀਏ ਮਹਿੰਗੀਏ ਜਾਨੇ,
ਤੇਰੀ ਮੇਰੀ ਅੱਖ ਕਿਉਂ ਰੋਏ?
ਸ਼ੁਕਰ ਖ਼ੁਦਾ ਦਾ ਤੁਰਦੇ ਆਪਾਂ,
ਇਕ ਦੂਜੇ ਦੀ ਸੱਜਰੀ ਲੋਏ।

ਮੇਰੀ ਮਾਂ ਦੇ ਕਮਰੇ ਅੰਦਰ

ਮੇਰੀ ਮਾਂ ਦੇ ਕਮਰੇ ਅੰਦਰ,
ਚੜ੍ਹਦਾ ਸੂਰਜ ਦਏ ਸਲਾਮੀ।
ਏਨਾ ਚਾਨਣ, ਜੀਕੂੰ ਲੱਖਾਂ ਦੀਵੇ ਬਲਦੇ।
ਮੇਰੀ ਆਸ ਉਮੀਦ ਦੇ ਕਿੰਨੇ ਰੁੱਖੜੇ ਫ਼ਲਦੇ।
ਧੁੱਪ ਜਿਵੇਂ ਮੇਰੀ ਮਾਂ ਦੀ ਨੌਕਰ,
ਤਲੀਆਂ ਝੱਸਦੀ।
ਗੱਲਾਂ ਕਰਦੀ, ਖਿੜ ਖਿੜ ਹੱਸਦੀ,
ਮਾਂ ਦੇ ਹੁੰਦਿਆਂ,
ਭਰਿਆ ਭਰਿਆ ਘਰ ਲੱਗਦਾ ਹੈ।
ਜੇ ਤੁਰ ਗਈ ਤਾਂ...
ਏਸੇ ਗੱਲ ਦਾ ਡਰ ਲੱਗਦਾ ਹੈ।

ਧਰਤੀ ਨਾਦ/ 98