ਪੰਨਾ:ਧੁਪ ਤੇ ਛਾਂ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੨)

ਸੀ ਵੇਖੀ।

ਨੌਕਰ ਨੇ ਆਕੇ ਬਿਮਲਾ ਨੂੰ ਪੁੱਛਿਆ, ਬਾਬੂ ਜੀ ਪੁਛਦੇ ਹਨ ਕਿ ਇਕ ਵੱਡੀ ਸਾਰੀ ਅਲਮਾਰੀ ਨੀਲਾਮ ਹੈ ਰਹੀ ਹੈ, ਰਸੋਈ ਵਾਸਤੇ ਲੈ ਲਵਾਂ?

ਬਿਮਲਾ ਨੇ ਆਖਿਆ, ਉਹਨਾਂ ਨੂੰ ਮੇਰੀ ਵਲੋਂ ਬੇਨਤੀ ਕਰਨੀ ਕਿ ਨਾ ਲੈਣ ਕਿਉਂਕਿ ਐਵੇਂ ਵਾਧੂ ਖਰਚ ਵਾਲੀ ਗੱਲ ਹੈ। ਰਸੋਈ ਵਿਚ ਤਾਂ ਛੋਟੀ ਅਲਮਾਰੀ ਨਾਲ ਹੀ ਕੰਮ ਚਲ ਜਾਵੇਗਾ।

ਭੋਲਾ ਚਲਿਆ ਗਿਆ। ਇੰਦੂ ਚੁਪ ਚਾਪ ਬੈਠੀ ਰਹੀ। ਪਤੀਆਂ ਦੇ ਸੁਨੇਹਾਂ ਵਿਚ ਵੀ ਕੋਈ ਹੁਕਮ ਜਾਂ ਧੌਂਸ ਨਹੀਂ ਸੀ ਤੇ ਇਹਨਾਂ ਦੇ ਜਵਾਬ ਵੀ ਕੋਈ ਦਾਸੀਆਂ ਵਾਲੇ ਨਹੀਂ ਸਨ। ਨਾਲ ਹੀ ਉਹਦੇ ਮਨ ਵਿਚ ਪਤਾ ਨਹੀਂ ਕਿਹੜੀ ਗਲ ਰੜਕਣ ਲੱਗੀ, ਉਹ ਇਹ ਸਮਝ ਰਹੀ ਸੀ ਕਿ ਇਹਨਾਂ ਦੋਹਾਂ ਸੁਹਾਗਣਾਂ ਦੇ ਸਾਹਮਣੇ ਉਹ ਸੁਹਾਗਣ ਹੋਣ ਤੇ ਵੀ ਰੰਡੀ ਹੈ। ਇਹ ਉਹਨਾਂ ਦੀ ਬਰੋਬਰੀ ਨਹੀਂ ਕਰ ਸਕਦੀ।

ਜਾਂਦੀ ਵਾਰੀ ਬਿਮਲਾ ਨੇ ਪੁਛਿਆ, ਠੀਕ ਹੀ ਤੁਹਾਨੂੰ ਭਰਾ ਜੀ ਦੀ ਕਿਤਾਬ ਬਾਬਤ ਕੁਝ ਪਤਾ ਨਹੀਂ?

ਇੰਦੂ ਨੇ ਓਪਰਿਆਂ ਵਾਂਗ ਆਖਿਆ, ਨਹੀਂ ਇਹਨਾਂ ਗੱਲਾਂ ਬਦਲੇ ਕੌਣ ਸਿਰ ਦਰਦੀ ਕਰੇ? ਉਹ ਚੱਤੇ ਪਹਿਰ ਤਾਂ ਲਿਖਦੇ ਰਹਿੰਦੇ ਹਨ ਕਿਸੇ ਨੂੰ ਕੀ ਪਤਾ ਹੈ ਕਿ ਕੀ ਲਿਖਦੇ ਰਹਿੰਦੇ ਹਨ? ਹਾਂ ਇਕ ਗਲ ਕਹਿਣ ਦਾ ਚੇਤਾ ਭੁਲ ਗਿਆ ਸੀ ਬੀਬੀ ਜੀ! ਕੱਲ੍ਹ, ਮੈਂ ਪੇਕੇ ਜਾ ਰਹੀ ਹਾਂ।