ਪੰਨਾ:ਧੁਪ ਤੇ ਛਾਂ.pdf/164

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੬੧)

ਅੱਛਾ! ਤੂੰ ਉਹਨੂੰ ਫੜਿਆ ਹੈ?

'ਰਾਮਾ ਨੇ ਹੱਸਕੇ ਆਖਿਆ ਹੋਰ ਕਿਨ ਫੜਨਾ ਸੀ।'

ਮੇਰੇ ਪੈਰਾਂ ਦਾ ਬੂਟ ਹਾਲੇ ਨਵਾਂ ਹੀ ਸੀ। ਮੈਂ ਉਹ ਬੂਟ ਲਾਹ ਕੇ ਉਹਦੀ ਖੂਬ ਸੇਵਾ ਕੀਤੀ। ਮੈਂ ਰਸੋਈ ਵਿਚ ਜਾ ਕੇ ਰੋ ਪਿਆ ਉਹਦਾ ਛੋਟਾ ਜਿਹਾ ਕਾਲਾ ਲੋਟਾ ਇਕ ਨੁਕਰ ਵਿਚ ਪਿਆ ਹੋਇਆ ਸੀ। ਉਸ ਉਤੇ ਘੱਟਾ ਜੰਮ ਗਿਆ ਸੀ। ਅੱਜ ਚੌਂਹ ਪੰਜਾਂ ਦਿਨਾਂ ਤੋਂ ਉਹਨੂੰ ਕਿਸੇ ਹਥ ਵੀ ਨਹੀਂ ਲਾਇਆ ਸੀ। ਉਸ ਵਿਚ ਕਿਸੇ ਪਾਣੀ ਵੀ ਨਹੀਂ ਸੀ ਪਾਇਆ। ਕੰਢੇ ਉਤੇ ਕੋਲੇ ਨਾਲ ਲਿਖਿਆ ਹੋਇਆ ਸੀ, 'ਕੁਮਾਰ ਬਾਬੂ ਮੈਂ ਚੋਰੀ ਕਰ ਲਈ ਹੈ, ਇਸ ਕਰਕੇ ਮੈਂ ਹੁਣ ਇਥੇ ਰਹਿ ਨਹੀਂ ਸਕਦਾ। ਜੇ ਜੀਊਂਦਾ ਰਿਹਾ ਤਾਂ ਫੇਰ ਕਦੇ ਆਵਾਂਗਾ।'

ਮੈਂ ਉਸ ਵੇਲੇ ਬੱਚਾ ਹੀ ਤਾਂ ਸੀ, ਬਿਲਕੁਲ ਬੱਚਿਆਂ ਵਾਂਗੂੰ ਲੋਟੇ ਨੂੰ ਛਾਤੀ ਨਾਲ ਲਗਾ ਕੇ ਰੋਣ ਲਗ ਪਿਆ। ਕਿਉਂ ਇਹ ਮੈਂ ਹਾਲੇ ਤਕ ਵੀ ਨਹੀਂ ਜਾਣ ਸਕਿਆ।

ਮੈਨੂੰ ਉਹ ਮਕਾਨ ਵੱਢਣ ਪੈਂਦਾ ਸੀ। ਬਾਹਰੋਂ ਫਿਰ ਤੁਰ ਕੇ ਇਕ ਵਾਰ ਰਸੋਈ ਵਿਚ ਜਾਂਦਾ ਤੇ ਦੂਜੇ ਰਸੋਈਏ ਨੂੰ ਰੋਟੀ ਪਕਾਉਂਦਿਆਂ ਵੇਖ ਕੇ ਝਟ ਪਟ ਮੁੜ ਆਉਂਦਾ। ਆਪਣੇ ਕਮਰੇ ਵਿਚ ਆ ਕੇ ਕਿਤਾਬ ਕੱਢ ਕੇ ਪੜ੍ਹਨ ਬੈਠ ਜਾਂਦਾ। ਕਦੇ ਕਦੇ ਮੇਰਾ ਜੀ ਕਰਦਾ ਸੀ ਕਿ ਭਰਾ ਦੇ ਮੱਥੇ ਵੀ ਨ ਲੱਗਾਂ, ਰੋਟੀ ਵੀ ਮੇਰੇ ਸੰਘੋਂ ਨਹੀਂ ਸੀ ਲੰਘਦੀ।

ਕਈਆਂ ਦਿਨਾਂ ਪਿਛੋਂ ਇਕ ਦਿਨ ਮੈਂ ਭਰਾ ਨੂੰ ਆਖਿਆ 'ਭਰਾ ਜੀ ਇਹ ਤੁਸਾਂ ਚੰਗਾ ਨਹੀਂ ਕੀਤਾ।'