ਪੰਨਾ:ਨਵਾਂ ਜਹਾਨ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਜਮਦੂਤ ਨੂੰ.

ਜਮਦੂਤ ! ਮੇਰੇ ਤੇ ਹਾਲੀ ਰੋਅਬ ਜਮਾ ਨਾ,
ਵਾਰੰਟ ਮੌਤ ਦੇ ਘੜੀ ਮੁੜੀ ਦਿਖਲਾ ਨਾ।

ਰਬ ਦਾ ਸਵਾਲ ਤਾਂ ਬੜਾ ਦੁਰੇਡਾ ਜਾਪੇ,
ਡੁਬਦਾ ਤਰਦਾ, ਲਗ ਜਾਂ ਗਾ ਕੰਢੇ ਆਪੇ।

ਪਰ ਹਾਲੀ ਤੇ ਏਸੇ ਜਹਾਨ ਵਿਚ ਮੇਰਾ,
ਸੁਰਖੁਰੂ ਹੋਣ ਦਾ ਕੰਮ ਪਿਆ ਬਹੁਤੇਰਾ।

ਖਾਬਾਂ ਦੀ ਦੁਨੀਆਂ ਵਸ ਨਹੀਂ ਸੱਕੀ ਹਾਲੀ,
ਕਈ ਨੁਕਰਾਂ ਅੰਦਰੋਂ ਜਾਪਣ ਖਾਲੀ ਖਾਲੀ।

ਬੱਦਲ ਜਿਹੇ ਵਾਂਗ, ਖੜੀ ਵਿਚਕਾਰ ਨਿਰਾਸ਼ਾ,
ਦਿਸਦਾ ਨਹੀਂ ਮੈਨੂੰ ਸਾਫ਼ ਪਾਰਲਾ ਪਾਸਾ।

ਮੈਂ ਸਚਮੁਚ ਦਾ ਇਨਸਾਨ ਕਹਾ ਨਹੀਂ ਸਕਿਆ,
ਖਿਲਰੇ ਹੋਏ ਤੀਲੇ ਜੋੜ ਬਣਾ ਨਹੀਂ ਸਕਿਆ।

ਉਚਿਆਂ ਚੜ੍ਹ ਕੇ, ਕੋਈ ਪਯਾਰ ਝਾਤ ਨਹੀਂ ਪਾਈ,
ਨਾ ਭਾਰਤ ਮਾਤਾ ਦੀ ਕੁਝ ਬਣਤ ਬਣਾਈ।

ਅੰਧੇਰੇ ਵਿਚ ਨਹੀਂ ਕੀਤਾ ਕੋਈ ਉਜਾਲਾ,
ਸੀਤਲ ਨਹੀਂ ਕੀਤਾ ਅਪਣਾ ਆਲ ਦੁਆਲਾ।

-੭੮-