ਪੰਨਾ:ਨਵਾਂ ਜਹਾਨ.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸੇਹਰਾ

ਨੌਜਵਾਨ ਲਾੜਿਆਂ ਵਾਸਤੇ

ਓ ਸਜ ਵਜ ਕੇ ਰਣ ਵਿਚ ਨਿਕਲ ਆਏ ਸ਼ੇਰਾ !
ਅਸੀਲਾ ! ਦਨਾਵਾ ! ਜਵਾਨਾ ! ਦਲੇਰਾ !
ਉਮੰਗਾਂ ਦਾ ਦਰਯਾ ਛੁਲਕਦਾ ਏ ਤੇਰਾ,
ਹੈ ਸਾਹਵੇਂ ਤੇਰੇ ਕੋਈ ਮਕਸਦ ਉਚੇਰਾ,
ਤੂੰ ਚਾਹਨਾ ਏਂ ਦੁਖ ਸੁਖ ਦਾ ਸਾਥੀ ਬਣਾਣਾ
ਤੇ ਜੀਵਨ ਦੇ ਪੈਂਡੇ ਨੂੰ ਹਸ ਹਸ ਮੁਕਾਣਾ।(1)

ਤੂੰ ਜਿਸ ਰਾਹ ਵਲ ਪੈਰ ਹੈ ਅਜ ਵਧਾਇਆ,
ਮੁਹਿਮ ਜੇਹੜੀ ਸਰ ਕਰਨ ਖਾਤਰ ਹੈਂ ਆਇਆ,
ਮੁਰਾਦਾਂ ਦਾ ਸਿਹਰਾ ਹੈ ਸਿਰ ਤੇ ਸਜਾਇਆ,
ਜੋ ਕੁਦਰਤ ਨੇ ਆਦਰਸ਼ ਤੇਰਾ ਬਣਾਇਆ,
ਓਹ ਔਖਾ ਜਿਹਾ ਹੈ ਖਬਰਦਾਰ ਹੋ ਜਾ,
ਬੜੀ ਉਚੀ ਘਾਟੀ ਊ, ਹੁਸ਼ਿਆਰ ਹੋ ਜਾ।(2)

ਤੂੰ ਜਿਸ ਲਖਸ਼ਮੀ ਨਾਲ ਲੈਣੇ ਨੇ ਫੇਰੇ,
ਓ ਤੋਰੀ ਗਈ ਸੀ ਧੁਰੋਂ ਨਾਲ ਤੇਰੇ,
ਜੇ ਸੂਰਜ ਸਜਾਇਆ ਸੀ ਤੈਨੂੰ ਚਿਤੇਰੇ,
ਤਾਂ ਉਸ ਵਿਚ ਧਰੇ ਸੁਹਜ ਚੰਦੋਂ ਵਧੇਰੇ,
ਕਿ ਦੁਨੀਆਂ ਦੇ ਦਿਨ ਰਾਤ ਰੋਸ਼ਨ ਬਣਾਓ,
ਤੇ ਕੁਦਰਤ ਦੇ ਖੇੜੇ ਨੂੰ ਰਲ ਕੇ ਵਸਾਓ।(3)

-੧੦੬-