ਪੰਨਾ:ਨਵਾਂ ਜਹਾਨ.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬੜੇ ਚਿਰ ਤੋਂ ਜੇਲਾਂ ਦੀ ਵਾ ਖਾ ਰਹੀ ਹੈ,
ਤੇ ਪਿੰਜਰੇ ਪਈ ਫ਼ਰਜ਼ ਭੁਗਤਾ ਰਹੀ ਹੈ.
ਜਹਾਲਤ ਉਦ੍ਹੀ ਹੁਣ ਤੇ ਸ਼ਰਮਾ ਰਹੀ ਹੈ,
ਅਜੇ ਭੀ ਓ ਮਰਦਾਂ ਦੇ ਗੁਣ ਗਾ ਰਹੀ ਹੈ,
ਨ ਢੂੰਡੀ ਮਿਲੇਗੀ ਵਫਾਦਾਰ ਐਸੀ,
ਨ ਭੋਲੀ ਪੁਜਾਰਨ, ਨ ਗ਼ਮਖਾਰ ਐਸੀ।(8)

ਜੇ ਨਾਰੀ ਭੀ ਆਦਰਸ਼ ਜੀਵਨ ਬਣਾਂਦੀ,
ਪਤੀ ਨਾਲ ਸਾਂਵੀਂ ਉਡਾਰੀ ਲਗਾਂਦੀ,
ਜੇ ਪੱਥਰ ਬਣਾ ਕੇ ਬਿਠਾਈ ਨ ਜਾਂਦੀ,
ਤਾਂ ਮਰਦਾਂ ਦਾ ਹੀ ਭਾਰ ਹੌਲਾ ਕਰਾਂਦੀ,
ਪਰੰਤੂ ਸੁਆਰਥ ਨੇ ਕੀਤਾ ਇਸ਼ਾਰਾ,
ਕਿ ਤੀਵੀਂ ਤੋਂ ਉਠ ਜਾਊਗਾ ਰੋਅਬ ਸਾਰਾ।(9)

ਓ ਭੋਲੇ ਨ ਸਮਝੇ ਕਿ ਔਰਤ ਏ ਕੀ ਹੈ,
ਏ ਰੌਣਕ, ਏ ਰਹਿਮਤ, ਏ ਬਰਕਤ ਕਿਦ੍ਹੀ ਹੈ,
ਕਿਦ੍ਹੇ ਸਿਰ ਤੇ ਕਾਦਰ ਦੀ ਕੁਦਰਤ ਖੜੀ ਹੈ,
ਕਿਦ੍ਹੇ ਬਾਝ ਜੀਉਣ ਨੂੰ ਕਰਦਾ ਨ ਜੀ ਹੈ,
ਏ ਨਾਰੀ ਨੇ ਹੀ ਗੋਂਦ ਸਾਰੀ ਹੈ ਗੁੰਦੀ,
ਜੇ ਆਦਮ ਹੀ ਰਹਿੰਦਾ ਤਾਂ ਦੁਨੀਆਂ ਨ ਹੁੰਦੀ।(10)

ਏ ਮਾਸੂਮ ਪੁਤਲੀ ਜਦੋਂ ਰਬ ਘੜੀ ਸੀ,
ਤਾਂ ਕਾਰੀਗਰੀ ਸਭ ਖਤਮ ਕਰ ਛੜੀ ਸੀ,
ਜਿਵੇਂ ਬਾਹਰੋਂ ਚੰਦ ਸਮ ਹਸਮੁਖੀ ਸੀ,
ਤਿਵੇਂ ਦਿਲ ਦੀ ਨਿਰਛਲ ਤੇ ਦਰਦਾਂ ਭਰੀ ਸੀ,
ਪਿਆਰਾਂ ਦਾ ਘਰ, ਪਰ ਪਿਆਰਾਂ ਦੀ ਭੁੱਖੀ,
ਤੜਪਦਾ ਕਲੇਜਾ ਤੇ ਜਜ਼ਬੇ ਮਨੁੱਖੀ।(11)

-੧o੮-