ਪੰਨਾ:ਨਵਾਂ ਜਹਾਨ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਕਿਸੇ ਗਲੋਂ ਨਹੀਂ ਡਰਨਾ

1. ਕਿਉਂ ਨਾਪਾਂ ਮੈ ਤਾਰ ਦਮਾਂ ਦੀ ?
ਕਾਹਨੂੰ ਦੇਖਾਂ ਮਜ਼ਲ ਅਗਾਂਹ ਦੀ ?
ਪਿਛਲੀ-ਅਗਲੀ ਦੋਵੇਂ ਮੇਰੀਆਂ,
ਬਹਿ ਕੇ ਮੈਂ ਕੀ ਕਰਨਾ।
ਮੈਂ ਕਿਸੇ ਗਲੋਂ ਨਹੀਂ ਡਰਨਾ।

2. ਮਕਸਦ ਉੱਚਾ, ਪੰਧ ਲਮੇਰਾ,
ਜਦ ਅਖ ਖੋਲ੍ਹੀ, ਨਵਾਂ ਸਵੇਰਾ।
ਲਖ ਆਉਣ ਤੂਫਾਨ ਬਿਜਲੀਆਂ
ਨਾ ਡੁਬਣਾ ਨਾ ਸੜਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ।

3. ਮੈਂ ਜੀਊਂਦਾ, ਮੈਂ ਨਵਾਂ ਨਰੋਇਆ
ਮੈਂ ਹੀ ਏ ਮੇਲਾ ਲਾਇਆ ਹੋਇਆ,
ਹਰ ਪਿੰਡ ਮੇਰਾ (ਤੇ) ਹਰ ਘਰ ਮੇਰਾ
ਜਦ ਚਾਹਣਾ, ਜਾ ਵੜਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ।

4. ਲੈ-ਪਰਲੈ ਦੇ ਲੰਘ ਕੇ ਗੇੜੇ
ਦੇਸ਼ ਕਾਲ ਤੋਂ ਹੋਰ ਅਗੇਰੇ,
ਤੁਰਿਆਂ ਜਾਣਾ, ਤੁਰਦਿਆਂ ਰਹਿਣਾ
ਪੈਰ ਪਿਛਾਂਹ ਨਹੀਂ ਧਰਨਾ,
ਮੈਂ ਕਿਸੇ ਗਲੋਂ ਨਹੀਂ ਡਰਨਾ।

-੮-