ਇਹ ਸਫ਼ਾ ਪ੍ਰਮਾਣਿਤ ਹੈ
ਕਵੀ ਦਾ ਹਾੜਾ
੧.ਰਫੀਕੋ! ਮੇਰੇ ਹਾਲ ਤੇ ਤਰਸ ਖਾ ਕੇ,
ਏ ਦੱਸੋ ਕਿ ਮੇਰਾ ਜਨਮ ਕਿਸ ਲਈ ਸੀ?
ਕਜ਼ਾ ਨੇ ਉਤਾਰਨ ਲੱਗੇ ਆਸਮਾਨੋਂ,
ਮੇਰੇ ਵਾਸਤੇ, ਕਿਉਂ ਏਹੋ ਥਾਂ ਚੁਗੀ ਸੀ?
ਗ਼ਰੀਬਾਂ, ਗ਼ੁਲਾਮਾਂ, ਮਜ਼ੂਰਾਂ ਦੀ ਧਰਤੀ,
ਨ ਹਾਸਾ, ਨ ਖੇੜਾ, ਨ ਕਪੜਾ, ਨ ਰੋਟੀ।
ਨਿਖੇੜੇ, ਬਖੇੜੇ, ਲੜਾਈ, ਭਿੜਾਈ,
ਪਰਹੇ ਆਪਣੀ ਤੇ ਅਦਾਲਤ ਪਰਾਈ।
੨.ਕਵੀ ਹੋ ਕੇ ਦਿਲ ਦੀ ਮੈਂ ਕਿਸ ਨੂੰ ਸੁਣਾਵਾਂ?
ਉਮਲ ਪੈਣ ਹੰਝੂ, ਤਾਂ ਕਿਸ ਥਾਂ ਵਹਾਵਾਂ?
ਮੈਂ ਖੋਲ੍ਹਾਂ ਕਿਵੇਂ ਜੀਭ ਦੇ ਜੰਦਰੇ ਨੂੰ?
ਕਿਦ੍ਹੇ ਤੋਂ ਪੁਰਾਣਾ ਤਲਿੱਸਮ ਤੁੜਾਵਾਂ?
ਨ ਜ਼ਰ ਹੈ, ਨ ਯਾਰੀ, ਨ ਹਿੰਮਤ, ਨ ਏਕਾ,
ਨ ਹੱਥ ਪੈਰ ਖੁਲ੍ਹੇ, ਨ ਦਾਰੂ ਨਾ ਸਿੱਕਾ।
ਭਗੀਰਥ ਦੀ ਗੰਗਾ ਕਿਵੇਂ ਮੋੜ ਖਾਵੇ?
ਲਿਖੀ ਹੋਈ ਤਕਦੀਰ ਕੀਕਰ ਵਟਾਵਾਂ?
ਲਹੂ ਜਮ ਚੁਕੇ ਨੂੰ ਕਿਵੇਂ ਸੇਕ ਆਵੇ?
ਤੇ ਪੱਥਰ ਹਟਾ ਕੇ ਹਵਾ ਕੌਣ ਲਾਵੇ?
੧੭