ਪੰਨਾ:ਨਵਾਂ ਜਹਾਨ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅੱਗ (ਗੀਤ)

ਮੇਰੇ ਅੰਦਰ ਬਲਦੀ ਏ ਅੱਗ ਲੋਕੋ,
ਮੇਰੇ ਚਾਰ ਚੁਫੇਰੇ ਅੱਗ ਲੋਕੋ।

੧. ਧਰਮ ਨਿਆਂ ਨੂੰ ਮਿਲੇ ਨ ਢੋਈ,
ਤਾਕਤ ਫਿਰਦੀ ਏ ਬਿਫ਼ਰੀ ਹੋਈ,
ਥਰ ਥਰ ਕੰਬਦਾ ਏ ਜੱਗ ਲੋਕੋ,
ਮੇਰੇ ਲਹਿੰਦੇ ਚੜ੍ਹਦੇ ਅੱਗ ਲੋਕੋ।

੨. ਘਰ ਘਰ ਲਾਲਚ ਤੇ ਖ਼ੁਦਗਰਜ਼ੀ,
ਇਕ ਦੂਜੇ ਦੀ ਰਲੇ ਨ ਮਰਜ਼ੀ,
ਸਭ ਦੀ ਬਾਂਗ ਅਲੱਗ ਲੋਕੋ,
ਮੇਰੇ ਐਧਰ ਔਧਰ ਅੱਗ ਲੋਕੋ।

੩. ਕੁਕੜਾਂ ਵਾਂਗਰ ਲੀਡਰ ਲੜਦੇ,
ਬੇ-ਬੁਨਿਆਦ ਬਹਾਨੇ ਘੜਦੇ,
ਖਤਰੇ ਵਿਚ ਹੈ ਪੱਗ ਲੋਕੋ,
ਮੇਰੇ ਆਸੇ ਪਾਸੇ ਅੱਗ ਲੋਕੋ।

੪. ਹਿੰਦੂ, ਮੁਸਲਿਮ, ਸਿੱਖ, ਈਸਾਈ,
ਪਾਟੇ ਫਿਰਦੇ ਭਾਈ ਭਾਈ,
ਦੂਤੀਆਂ ਦੇ ਆਖੇ ਲੱਗ ਲੋਕੋ,
ਮੇਰੇ ਅੰਦਰ ਬਲਦੀ ਏ ਅੱਗ ਲੋਕੋ।

-੩੩-