ਸਮੱਗਰੀ 'ਤੇ ਜਾਓ

ਪੰਨਾ:ਨਵਾਂ ਜਹਾਨ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ-ਸਾਥ.

੧.ਪਿਆਰੀ! ਮੈਂ ਤੇਰੇ ਬਾਝੋਂ,
ਇਕੱਲਾ ਤੇ ਇਕਾਰਾ ਸਾਂ।
ਤੇਰੀ ਸੰਗਤ 'ਚਿ ਟਕਸਾਲੇ-
ਬਿਨਾਂ ਬਿਲਕੁਲ ਨਿਕਾਰਾ ਸਾਂ।
ਤੇਰੀ ਥੁੜ ਦੀ ਕਰਾਈ ਸੂਝ,
ਵਸਦੇ ਪੰਛੀਆਂ ਪਸੂਆਂ।
ਤੜਪਦਾ, ਢੂੰਡਦਾ ਫਿਰਦਾ,
ਕੋਈ ਜੀਵਨ-ਸਹਾਰਾ ਸਾਂ।
੨.ਇਕੇਰਾਂ ਤੂੰ ਤੇ ਮੈਂ ਵਖ ਵਖ,
ਭਟਕਦੇ ਜੰਗਲਾਂ ਵਿਚ ਸਾਂ।
ਅਚਾਨਕ, ਇਕ ਨਦੀ ਕੰਢੇ,
ਨਿਗਾਹਾਂ ਸਾਡੀਆਂ ਲੜੀਆਂ।
ਤੇਰੇ ਲਈ ਓਪਰਾ ਸਾਂ ਮੈਂ,
ਮੇਰੇ ਲਈ ਓਪਰੀ ਸੈਂ ਤੂੰ।
ਠਠੰਬਰ ਕੇ ਖੜੇ ਹੋ ਗਏ,
ਤੂੰ ਅਪਣੀ ਥਾਂ, ਮੈਂ ਅਪਣੀ ਥਾਂ।
੩.ਦੁਹਾਂ ਦੇ ਦਿਲ ਉਛਲ ਆਏ,
ਦੁਵੱਲੀ ਕਾਲਜੇ ਧੜਕੇ।
ਪਈ ਇਕ ਖਿੱਚ ਪੈਰਾਂ ਨੂੰ,
ਅਸੀਂ ਕੁਝ ਹੋ ਗਏ ਨੇੜੇ।

———੬੮———