ਪੰਨਾ:ਨਵਾਂ ਮਾਸਟਰ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਸਟਰ ਬਾਵਾ ਸਿੰਘ ਟ੍ਰੇਂਡ ਬੀ. ਏ, ਸੀ। ਗੌਰਮਿੰਟ ਕਾਲਜ ਲਾਹੌਰ ਵਿਚੋਂ ਉਸ ਨੇ ਪੰਜਾਬੀ ਬੱਚਿਆਂ ਨੂੰ ਪੜ੍ਹਾਉਣ ਦਾ ਢੰਗ ਸਿਖਿਆ ਸੀ। ਅੰਗ੍ਰੇਜ਼ੀ ਸਰਕਾਰ ਆਪਣੇ ਦੇਸ ਵਿਚ ਵਿਦਿਆ ਦੇਣ ਦੇ ਚਾਲੂ ਢੰਗ ਦੇ ਤਜੱਰਬਿਆਂ ਅਨੁਸਾਰ ਗੁਲਾਮ ਹਿੰਦੁਸਤਾਨ ਦੇ ਇਸ ਕਾਲਜ ਵਿਚ ਨੌਜਵਾਨਾਂ ਨੂੰ ਮੈਕਡੂਗਲ, ਜੰਗ, ਐਡਲਰ, ਫਰਾਇਡ ਅਤੇ ਕਈ ਹੋਰ ਏਦਾਂ ਦੇ ਮਨੋਵਿਗਿਆਨੀਆਂ ਦੇ ਸਿਧਾਂਤ ਪੜ੍ਹਾ ਕੇ ਮਨ-ਇੱਛਤ ਮਾਸਟਰ ਤਿਆਰ ਕਰਦੀ ਸੀ। ਮਾਸਟਰ ਬਾਵਾ ਸਿੰਘ ਨੇ ਬੱਚਿਆਂ ਦੇ ਮਨ ਨੂੰ ਨਵੀਨ ਮਨੋਵਿਗਿਆਨਕ ਢੰਗ ਨਾਲ ਸਮਝ ਕੇ ਮਹਿਕਮੇ ਵਲੋਂ ਨੀਯਤ ਕੋਰਸ ਪੜ੍ਹਾਉਣ ਦਾ ਤਰੀਕਾ ਸਮਝਿਆ ਅਤੇ ਸਿਖਿਆ। ਪਰ ਸਕੂਲਾਂ ਵਿਚ ਪੜ੍ਹਾਉਣ ਦੇ ਤਜਰਬੇ ਨੇ ਉਸ ਨੂੰ ਸਿਖਾ ਦਿਤਾ ਕਿ ਟ੍ਰੇਨਿੰਗ ਕਾਲਜ ਵਿਚੋਂ ਸਿਖਿਆ ਪੜ੍ਹਾਉਣ ਦਾ ਤਰੀਕਾ ਪੰਜਾਬੀ ਸਹੂਲਤਾਂ ਵਿਚ ਪੂਰਾ ਚਾਲੂ ਨਹੀਂ ਸੀ ਹੋ ਸਕਦਾ। ਕਾਲਜ ਵਿਚ ਸਿਖਾਉਂਦੇ ਸਨ ਪਿਆਰ ਨਾਲ ਪੜ੍ਹਾਇਆ ਜਾਵੇ, ਡੰਡਾ ਨਾ ਵਰਤਿਆ ਜਾਏ। ਪਰ ਅਮਲ ਵਿਚ ਡੰਡਾ ਵਰਤੇ ਬਿਨਾਂ ਗੁਜ਼ਾਰਾ ਨਹੀਂ ਸੀ ਹੁੰਦਾ।

ਮਾਸਟਰ ਬਾਵਾ ਸਿੰਘ ਸਕੂਲ ਵਿਚ ਡੰਡੇ ਦੀ ਵਰਤੋਂ ਆਮ ਕਰਦਾ ਸੀ। ਉਹ ਸਮਝਦਾ ਸੀ ਕਿ ਰੰਬਾ ਅਤੇ ਮੁੰਡਾ ਚੰਡ ਕੇ ਹੀ ਰਖੇ ਜਾਣ ਤਾਂ ਕੰਮ ਦੇ ਰਹਿੰਦੇ ਸਨ। ਅਤੇ ਇਕ ਅੰਗ੍ਰੇਜ਼ੀ ਦਾ ਵਾਕ ਜਿਸ ਦੇ ਅਰਥ ਹਨ ਸੋਟੀ ਬਚਾਓ ਅਤੇ ਬਚਾ ਗਵਾਓ, ਤਾਂ ਉਹ ਨਿੱਤ ਸੁਣਾਇਆ ਕਰਦਾ ਸੀ। ਉਸਨੇ ਸਮਝ ਲਿਆ ਸੀ ਕਿ ਗੁਲਾਮ ਦੇਸ ਦੇ ਬੱਚੇ ਮਾਰ ਤੋਂ ਬਿਨਾਂ ਕੰਮ ਨਹੀਂ ਸਨ ਕਰਦੇ, ਕੰਮ ਕੀਤੇ ਬਿਨਾਂ ਪਾਸ ਨਹੀਂ ਸਨ ਹੋ ਸਕਦੇ, ਅਤੇ ਮਾਸਟਰ ਕਾਮਯਾਬ ਨਹੀਂ

ਨਵਾਂ ਮਾਸਟਰ

੧੪੩.