ਪੰਨਾ:ਨਵਾਂ ਮਾਸਟਰ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਨ ਮਨ ਇਸ ਪਾਸੇ ਲਾ ਦਿਤਾ ਹੈ, ਇਸ ਦੀ ਪਾਲਣਾ ਕਰਨੀ ਸਰਕਾਰ ਦਾ ਫਰਜ਼ ਹੈ। ਇਸ ਵਾਸਤੇ ਗਰੀਬ ਵਿਦਿਆਰਥੀਆਂ ਤੇ ਭਾਰ ਨਹੀਂ ਪਾਉਣਾ ਚਾਹੀਦਾ। ਸਿਧਾ ਸਰਕਾਰ ਪਾਸੋਂ ਆਪਣਾ ਹਕ ਮੰਗਣਾ ਚਾਹੀਦਾ ਹੈ।" ਇਸੇ ਕਰਕੇ ਹੀ ਉਹ ਟੀਚਰਜ਼ ਯੂਨੀਅਨ ਦਾ ਮੈਂਬਰ ਸੀ।
ਪਰ ਮਾਸਟਰ ਬਾਵਾ ਸਿੰਘ ਉਸ ਨੂੰ ਆਪਣੇ ਤਜਰਬੇ ਦੇ ਅਧਾਰ ਤੇ ਨਸੀਅਤ ਕਰਦਾ, "ਮਾਸਟਰ ਹਰਨਾਮ ਸਿੰਘ ਤੁਸੀਂ ਅਜੇ ਬਚੇ ਹੋ। ਮੈਂ ਪੁਲਿਟੀਕਲ ਪਾਰਟੀਆਂ ਵਿਚ ਵੀ ਕੰਮ ਕਰ ਚੁੱਕਾ ਹਾਂ। ਸਭ ਖੁਦਗਰਜ਼ ਹਨ।" ਅਤੇ ਫਿਰ ਉਹ ਉਸ ਨੂੰ ਲੰਮੇ ਵਿਸਥਾਰ ਨਾਲ ਦਸਦਾ ਕਿ ਪਹਿਲਾਂ ਪਹਿਲਾਂ ਕਾਂਗਰਸ ਆਗੂ ਵੀ ਦੇਸ ਵਿਚ ਲੋਕ ਰਾਜ ਅਸਥਾਪਨ ਕਰਨ ਦਾ ਦਾਅਵਾ ਕਰਦੇ ਸਨ। ਪਰ ਹੁਣ ਆਪਣੇ ਅਸਲੀ ਰੂਪ ਵਿਚ ਉਘੜ ਆਏ ਸਨ। ਅਤੇ ਜਦ ਉਹ ਇਹ ਦਸ ਕੇ ਕਿ ਮਨੁਖ ਦਾ ਸੁਭਾ ਨਹੀਂ ਬਦਲ ਸਕਦਾ, ਜਿਹੜੀ ਵੀ ਸਰਕਾਰ ਆਏਗੀ ਆਪਣਾ ਹੀ ਉਲੂ ਸਿਧਾ ਕਰੇਗੀ, ਮਾਸਟਰ ਹਰਨਾਮ ਸਿੰਘ ਨੂੰ ਵੀ ਇਹੋ ਕੁਝ ਕਰਨ ਵਾਸਤੇ ਆਖਦਾ ਤਾਂ ਉਸ ਦੇ ਮਾਤਾ ਦਾਗੇ ਚਿਹਰੇ ਵਿਚ ਹਾਥੀ ਅਖੀਆਂ ਹੋਰ ਵੀ ਮਿਚ ਜਾਂਦੀਆਂ ਅਤੇ ਵਰਾਛਾਂ ਚੌੜੀਆਂ ਹੋ ਕੇ ਕੱਕੀਆਂ ਮੁੱਛਾਂ ਮੂੰਹ ਵਿਚ ਸੁੱਟ ਲੈਂਦੀਆਂ।

ਇਸ ਵੇਲੇ ਉਹ ਮਾਸਟਰ ਹਰਨਾਮ ਸਿੰਘ ਨੂੰ ਬੜਾ ਨੀਚ ਪਰਤੀਤ ਹੁੰਦਾ, ਪਰ ਉਹ ਏਨਾ ਹੀ ਕਹਿ ਕੇ, 'ਤੁਸਾਂ ਮੈਕਡੂਗਲ ਅਤੇ ਫਰਾਈਡ ਆਦਿਕ ਪੜ੍ਹੇ ਹਨ ਅਸੀਂ ਕੁਝ ਹੋਰ ਪੜ੍ਹਦੇ ਹਾਂ।" ਆਪਣੇ ਕਮਰੇ ਵਲ ਤੁਰ ਜਾਂਦਾ।

ਨਵਾਂ ਮਾਸਟਰ

੧੪੯.