ਪੰਨਾ:ਨਵਾਂ ਮਾਸਟਰ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੂਰੇ ਕਰਨ ਲਈ ਉਸ ਪਾਸ ਸਮਾਂ ਬਚਦਾ ਹੀ ਨਹੀਂ ਸੀ। ਉਸ ਦੀ ਪਤਨੀ ਦੇ ਦਿਲ ਵਿਚ, ਪਤੀ ਨਾਲ ਸ਼ਾਮ ਦੀ ਸੈਰ ਜਾਂ ਕਦੀ ਕਦੀ ਸਿਨੇਮਾ ਜਾ ਕੇ ਰਾਤ ਨੂੰ ਕਿਸੇ ਹੋਟਲ ਵਿਚੋਂ ਖਾਣਾ ਖਾਣ ਦੀ ਉਮੰਗ ਪੈਦਾ ਹੋ ਕੇ ਮੁਰਝਾ ਚੁਕੀ ਸੀ। ਜੇ ਉਹ ਉਸ ਵਲ ਧਿਆਨ ਦੇ ਸਕਿਆ ਸੀ ਤਾਂ ਸਿਰਫ ਇੰਨਾ ਹੀ ਕਿ ਉਹ ਤਿੰਨ ਬਚੇ ਜਣ ਸਕੀ ਸੀ! ਮਾਸਟਰ ਬਾਵਾ ਸਿੰਘ ਦਾ ਬਚੇ ਪੈਦਾ ਕਰਨ ਵਿਚ ਹਥ ਜ਼ਰੂਰ ਸੀ, ਪਰ ਉਹਨਾਂ ਦੀ ਸਾਂਭ ਸਦਾ ਉਸ ਦੀ ਪਤਨੀ ਦੇ ਹਿੱਸੇ ਹੀ ਰਹੀ ਸੀ। ਹੁਣ ਪਤਨੀ ਦੇ ਚੰਦ ਮੁਖੜੇ ਤੇ ਨਿਰਾਸਤਾ, ਕਰੋਧ ਅਤੇ ਚਿੜਚਿੜੇ ਪਨ ਦੇ ਕਾਲੇ ਦਾਗ ਵੀ ਜ਼ਾਹਿਰ ਹੋ ਗਏ ਸਨ। ਉਸ ਦਾ ਦਿਲ ਇਕ ਖ਼ੁਸ਼ਕ ਥਲ ਬਣ ਗਿਆ ਸੀ, ਜਿਸ ਵਿਚੋਂ ਪਿਆਰ ਦਾ ਅੰਮ੍ਰਿਤ ਉਡ ਕੇ ਸਤਵੇਂ ਅਸਮਾਨ ਤੇ ਜਾ ਚੜ੍ਹਿਆ ਸੀ। ਉਸ ਦੇ ਦਿਲ ਵਿਚ ਹੁਣ ਪਤੀ ਪਿਆਰ ਨਹੀਂ ਸੀ। ਉਹ ਉਸ ਦੀਆਂ ਲੋੜਾਂ ਵਲ ਧਿਆਨ ਨਹੀਂ ਸੀ ਦੇਂਦੀ। ਕਈ ਵਾਰ ਮਾਸਟਰ ਬਾਵਾ ਸਿੰਘ ਨੂੰ ਭੁਖਿਆਂ ਹੀ ਸਕੂਲ ਜਾਣਾ ਪੈਂਦਾ ਸੀ, ਅਤੇ ਸ਼ਾਮ ਨੂੰ ਘਰ ਪੁਜ ਕੇ ਨਾਲ ਦੇ ਤੰਦੂਰ ਤੋਂ ਹੀ ਰੋਟੀ ਖਾਣੀ ਪੈਂਦੀ ਸੀ।

ਉਸ ਦੇ ਬੱਚੇ ਵੀ ਪਤਨੀ ਵਾਸਤੇ ਵਾਧੂ ਭਾਰ ਬਣ ਗਏ ਸਨ। ਉਹ ਸਾਰਾ ਸਾਰਾ ਦਿਨ ਗਲੀਆਂ ਬਜ਼ਾਰਾਂ ਵਿਚ ਯਾਰਾਂ ਬੇਲੀਆਂ ਨਾਲ ਬਚਪਨ ਦੀਆਂ ਯੋਗ ਅਤੇ ਅਯੋਗ ਖੇਡਾਂ ਖੇਡਦੇ ਰਹਿੰਦੇ ਸਨ। ਸਕੁਲ ਘਟ ਵਧ ਹੀ ਜਾਂਦੇ ਸਨ। ਵਡਾ ਮੁੰਡਾ ਦਸ ਸਾਲ ਦਾ ਹੋ ਚੁਕਾ ਸੀ। ਪਰ ਉਹ ਅਜੇ ਤੀਜੀ ਜਮਾਤ ਵੀ ਪਾਸ ਨਹੀਂ ਸੀ ਕਰ ਸਕਿਆ।

੧੫੪.

ਵੈਰੀ