ਪੰਨਾ:ਨਵਾਂ ਮਾਸਟਰ.pdf/175

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਈ ਰਹਿੰਦੀ, ਤੇ ਜਦੋਂ ਵੀ ਮਾਸਟਰ ਤਨਖਾਹਾਂ ਮੰਗਦੇ ਕਮੇਟੀ ਦਾ ਸਕੱਤ੍ਰ ਸਕੂਲ ਦੀ ਮਾਇਕ ਹਾਲਤ ਭੈੜੀ ਹੋਣ ਦਾ ਬਹਾਨਾ ਬਣਾ ਛਡਦਾ ਸੀ। ਸਾਡਾ ਹੈਡ ਮਾਸਟਰ ਵੀ ਕੰਜੂਸ ਸੁਭਾ ਦਾ ਪੁਰਾਣੀਆਂ ਲੀਹਾਂ ਤੇ ਤੁਰਨ ਵਾਲਾ ਬੰਦਾ ਸੀ। ਉਸ ਦੀ ਆਪਣੀ ਤਨਖ਼ਾਹ ਵੀ ਬੈਂਕ ਦੇ ਸੀਨੀਅਰ ਕਲਰਕ ਜਿੰਨੀ ਹੀ ਸੀ। ਇਨੀ ਤਨਖਾਹ ਉਹ ਜਦੋਂ ਸੈਕੰਡ ਮਾਸਟਰ ਹੁੰਦਾ ਸੀ ਲੈਂਦਾ ਸੀ। ਪਤਾ ਨਹੀਂ ਪਹਿਲਾ ਹੈਡ ਮਾਸਟਰ ਕਿਵੇਂ ਕਢਿਆ ਗਿਆ ਸੀ ਤੇ ਉਸ ਦੀ ਥਾਂ ਇਹ ਨਵਾਂ ਹੈਡ ਮਾਸਟਰ ਥੋੜੀ ਤਨਖ਼ਾਹ ਤੇ ਹੀ ਖੁਸ਼ੀ ਖੁਸ਼ੀ ਕੰਮ ਕਰ ਰਿਹਾ ਸੀ। ਉਹ ਜੀ ਹਜੂਰੀਆ ਸੀ। ਉਸ ਨੇ ਕਦੇ ਵੀ ਕਮੇਟੀ ਕੋਲੋਂ ਜ਼ਿਆਦਾ ਤਨਖ਼ਾਹ ਦੀ ਮੰਗ ਨਹੀਂ ਸੀ ਕੀਤੀ। ਬਾਕੀ ਮਾਸਟਰ ਕਈ ਵਾਰ ਤਰੱਕੀਆਂ ਵਾਸਤੇ ਆਖਦੇ ਸਨ ਤਾਂ ਹੈਡ ਮਾਸਟਰ ਉਨ੍ਹਾਂ ਨਾਲ ਸਹਿਮਤ ਨਹੀਂ ਸੀ ਹੁੰਦਾ, ਜਿਸ ਕਰ ਕੇ ਕਮੇਟੀ ਜਵਾਬ ਦੇਂਦੀ ਸੀ ਕਿ ਉਹ ਹੈਡ ਮਾਸਟਰ ਤੋਂ ਵਧ ਤਨਖ਼ਾਹ ਕਿਵੇਂ ਦੇ ਸਕਦੇ ਸਨ।

ਪਰ ਉਹ ਮਾਸਟਰ ਨਵਾਂ ਹੀ ਸੀ। ਬਾਕੀ ਮਾਸਟਰਾਂ ਵਾਗੂੰ ਉਸ ਦੀ ਤਨਖ਼ਾਹ ਵੀ ਥੋੜੀ ਹੀ ਸੀ, ਪਰ ਬਾਕੀਆਂ ਵਾਂਗੂ ਉਸ ਦੇ ਕਪੜੇ ਪਾਟੇ ਹੋਏ ਤੇ ਮੈਲੇ ਨਹੀਂ ਸਨ ਹੁੰਦੇ। ਖਦਰ ਨਾਲ ਉਸ ਨੂੰ ਖਾਸ ਪਿਆਰ ਸੀ, ਤੇ ਪੈਰੀਂ ਸਦਾ ਹੀ ਮੋਟੀ ਧੌੜੀ ਦੀ ਜੁਤੀ ਹੁੰਦੀ ਸੀ। ਉਹ ਇੰਨੇ ਸਾਦੇ ਕਪੜਿਆਂ ਵਿਚ ਬਹੁਤ ਸੋਹਣਾ ਲਗਦਾ ਸੀ। ਉਸ ਦੀਆਂ, ਸੰਘਣੇ ਭਰਵੱਟਿਆਂ ਥਲੇ, ਸਾਫ ਚਮਕਦੀਆਂ ਭੂਰੀਆਂ ਅਖਾਂ 'ਚੋਂ ਸਿਆਣਪ ਦੀ ਭਾਅ ਨਜ਼ਰ ਆਉਂਦੀ ਸੀ। ਚੌੜੇ ਮੱਥੇ ਥਲੇ ਨਿੱਕਾ ਜਿਹਾ ਉਭਰਵਾਂ ਨੱਕ ਬੜਾ

੧੯੪.

ਨਵਾਂ ਮਾਸਟਰ