ਪੰਨਾ:ਨਵਾਂ ਮਾਸਟਰ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਦਾਂ ਦੀ ਕਿਸਮਤ ਬਣਾਉਂਦੀ ਹੈ। ਚੰਗੀ ਸਰਕਾਰ ਚੰਗੀਆਂ ਕਿਸਮਤਾਂ ਬਣਾਂਦੀ ਹੈ ਭੈੜੀ ਸਰਕਾਰ ਭੈੜੀਆਂ। ਤੇ ਭੈੜੀ ਸਰਕਾਰ ਨੂੰ ਬੰਦੇ ਹੀ ਬਦਲ ਸਕਦੇ ਹਨ। ਸਰਕਾਰ ਲੋਕਾਂ ਦੀ ਵਾੜ ਹੁੰਦੀ ਹੈ, ਲੋਕਾਂ ਦੇ ਆਪਣੀ ਹਥੀਂ ਲਾਈ, ਪਰ ਜੇ ਵਾੜ ਅੰਦਰ ਖੇਤੀ ਨੂੰ ਹੀ ਖਾਣ ਲਗ ਜਾਏ-ਉਸ 'ਸਰਦਾਰ' ਵਾਂਗੂੰ-ਤਾਂ ਲੋਕ ਹੀ ਉਸ ਚੰਦਰੀ ਵਾੜ ਨੂੰ ਪੁਟ ਕੇ ਨਵੀਂ ਵਾੜ ਲਾਉਂਦੇ ਹਨ।
ਪਤਾ ਨਹੀਂ ਕੇਹੜੇ ਵੇਲੇ ਪੀਰੀਅਡ ਵਜ ਗਿਆ ਮੈਂ ਆਪਣੇ ਖਿਆਲਾਂ ਵਿਚ ਹੀ ਗੁੰਮ ਸਾਂ ਤੇ ਮੇਰਾ ਧਿਆਨ ਉਦੋਂ ਟੁਟਿਆ ਜਦ ਸੈਕੰਡ ਮਾਸਟਰ ਨੇ ਮੁੰਡਿਆਂ ਦਾ ਰੌਲਾ ਹਟਾਉਣ ਵਾਸਤੇ ਆਪਣਾ ਬੈਂਤ ਜ਼ੋਰ ਨਾਲ ਮੇਜ਼ ਤੇ ਦੋ ਤਿੰਨ ਵਾਰੀਂ ਮਾਰਿਆ ਤੇ ਪਾਟੇ ਹੋਏ ਬਿੰਡੇ ਵਿਚੋਂ ਨਿਕਲੀ ਭੜਾਂਦੀ ਜਿਹੀ ਅਵਾਜ਼ ਨਾਲ, ਟਾਹਰਿਆ-ਖ਼ਾਮੋਸ਼।

ਨਵੇਂ ਮਾਸਟਰ ਦੇ ਆਉਣ ਨਾਲ ਮੈਨੂੰ ਆਪਣੀਆਂ ਸਾਰੀਆਂ ਮੁਸ਼ਕਲਾਂ ਭੁਲ ਗਈਆਂ ਸਨ। ਅਗੇ ਕਈ ਵਾਰੀ ਜਦੋਂ ਮੈਂ ਸੈਕੰਡ ਮਾਸਟਰ ਦੇ ਸਵਾਲ ਨਹੀਂ ਸਨ ਕਢੇ ਹੁੰਦੇ ਮੈਨੂੰ ਮਾਰ ਤੋਂ ਡਰਦਿਆਂ ਕਈ ਊਲ ਜਲੂਲ ਬਹਾਨੇ ਬਣਾਉਣੇ ਪੈਂਦੇ ਸਨ,-ਮੈਨੂੰ ਜ਼ੁਕਾਮ ਹੋ ਗਿਆ ਸੀ, ਜੀ ਛੋਟੀ ਭੈਣ ਨੇ ਮੇਰਾ ਹਿਸਾਬ ਲੁਕਾ ਦਿਤਾ ਸੀ, ਜਾਂ ਕਲ ਸਾਰੀ ਰਾਤ ਸਾਡੀ ਬਿਜਲੀ ਨਹੀਂ ਸੀ ਆਈ। ਪਰ ਹੁਣ ਜਿਵੇਂ ਮੇਰੇ ਮਨ ਵਿਚ ਅਥਾਹ ਹੌਂਸਲਾ ਭਰਿਆ ਗਿਆ ਸੀ, ਫਿਰ ਮੈਂ ਕਦੀ ਵੀ ਫਜ਼ੂਲ ਬਹਾਨੇ ਨਹੀਂ ਸਾਂ ਬਣਾਉਂਦਾ ਤੇ ਹੁਣ ਮੈਨੂੰ ਸੈਕੰਡ ਮਾਸਟਰ ਤੋਂ ਮਾਰ ਵੀ ਘਟ ਹੀ ਪੈਂਦੀ ਸੀ। ਇਸ ਦਾ ਇਹ ਭਾਵ ਨਹੀਂ ਸੀ ਕਿ ਪਹਿਲਾਂ

੨੦੨.

ਨਵਾਂ ਮਾਸਟਰ