ਪੰਨਾ:ਨਵਾਂ ਮਾਸਟਰ.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਂਦਿਆਂ ਸੁਣ ਲਿਆ ਸੀ, ਤੇ ਜਦੋਂ ਉਸ ਪਿਛੋਂ ਉਸ ਦੀ ਟਲੀ ਆਈ, ਉਸ ਨੇ ਸੇਕੰਡ ਮਾਸਟਰ ਦਾ ਡੰਡਾ ਮੰਗਾ ਕੇ ਪੰਜ ਬਚਨ ਦੇ ਪੁੱਠੇ ਹਥਾਂ ਤੇ ਮਾਰੇ ਸਨ ਤੇ ਅਧੀ ਟਲੀ ਸਿਨਿਮਿਆਂ ਦੀ ਬੁਰਾਈ ਤੇ ਲੈਕਚਰ ਦੇਂਦਾ ਰਿਹਾ ਸੀ।
ਹੈਡ ਮਾਸਟਰ ਅੰਗ੍ਰੇਜ਼ੀ, ਹਿਸਾਬ ਤੇ ਤਾਰੀਖ ਜੁਗਰਾਫੀਏ ਨੂੰ ਹੀ ਜ਼ਰੂਰੀ ਮਜ਼ਮੂਨ ਸਮਝਦਾ ਸੀ। ਡਰਾਇੰਗ, ਸਾਇੰਸ ਪੰਜਾਬੀ ਤੇ ਉਰਦੂ ਉਸ ਦੇ ਖ਼ਿਆਲ ਵਿਚ ਵਾਧੂ ਅਯਾਸ਼ੀ ਸਨ। ਉਹ ਸਾਨੂੰ ਅੰਗ੍ਰੇਜ਼ੀ ਪੜ੍ਹਾਉਂਦਾ ਸੀ, ਪਰ ਉਸ ਦੀਆਂ ਲਿਖਾਈਆਂ ਹੋਈਆਂ ਸਟੋਰੀਆਂ ਤੇ ਕੰਪੋਜ਼ੀਸ਼ਨਾਂ ਸਾਲਾਂ ਤੋਂ ਉਹੋ ਹੀ ਤੁਰੀਆਂ ਆ ਰਹੀਆਂ ਸਨ। ਇਸਦਾ ਸਾਨੂੰ ਇਹ ਫ਼ਾਇਦਾ ਸੀ, ਅਸੀਂ ਜਦੋਂ ਕਦੇ ਉਸ ਦੀ ਕੋਈ ਘੰਟੀ ਨਾ ਪੜ੍ਹ ਸਕਦੇ ਤਾਂ ਕਿਸੇ ਦਸਵੀਂ ਪਾਸ ਕਰ ਚੁਕੇ ਮੁੰਡੇ ਦੀ ਕਾਪੀ ਲੈ ਕੇ ਉਸ ਦਿਨ ਵਾਲਾ ਸਾਰਾ ਸਬਕ ਨਕਲ ਕਰ ਲੈਂਦੇ ਤੇ ਹੈਡ ਮਾਸਟਰ ਖੁਸ਼ ਹੋ ਕੇ ਦਸਖ਼ਤ ਕਰਦਿਆਂ ਪਿਠ ਤੇ ਥਾਪੀ ਦੇ ਕੇ ਆਖਦਾ,- ਸ਼ਾਬਾਸ਼, ਲਿਵਤਾਰ ਬੜਾ ਜ਼ਹੀਨ ਬਚਾ ਹੈ, ਭਾਵੇਂ ਸਕੂਲ ਨਾ ਵੀ ਆਵੇ, ਕੰਮ ਵਿਚ ਰੈਗੂਲਰ ਹੈ, ਬਸ ਸਟੂਡੈਂਟ ਇਦਾਂ ਦੇ ਹੀ ਹੋਣੇ ਚਾਹੀਦੇ ਹਨ।

ਸ਼ਾਇਦ ਹੈਡ ਮਾਸਟਰ ਨੂੰ ਨਵੀਨਤਾ ਨਾਲ ਚਿੜ ਸੀ, ਜਾਂ ਤਬਦੀਲੀ ਉਸਦੀ ਆਲਸ ਦੇ ਗੰਠੀਏ ਨਾਲ ਨਿਢਾਲ ਹੋਈ ਰੂਹ ਨੂੰ ਕੜੱਲਾਂ ਪਾ ਦੇਂਦੀ ਸੀ, ਉਸ ਨੇ ਕਦੀ ਵੀ ਕੋਈ ਐਸਾ ਕੰਮ ਸਕੂਲ ਵਿਚ ਨਹੀਂ ਸੀ ਹੋਣ ਦਿਤਾ ਜਿਸ ਨਾਲ ਮੁੰਡਿਆਂ ਨੂੰ ਨਚਨ ਟਪਣ ਦਾ ਸਮਾਂ ਮਿਲ ਸਕਦਾ। ਇਸੇ ਵਾਸਤੇ ਸਾਡੇ ਸਕੂਲ

ਨਵਾਂ ਮਾਸਟਰ

੨੦੫.