ਪੰਨਾ:ਨਵਾਂ ਮਾਸਟਰ.pdf/191

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖੂਬੀਆਂ" ਤੇ ਸੀ। ਮਾਸਟਰ ਨੇ ਦਸਿਆ ਸੀ ਦੁਨੀਆਂ ਵਿਚ ਸਮੇਂ ਸਮੇਂ ਜਿੰਨੇ ਵੀ ਮਜ਼੍ਹਬ ਆਏ ਸਭ ਮਨੁਖ ਦੀ ਆਰਥਕਤਾ ਦਾ ਹਲ ਹੀ ਸਨ। ਸਭ ਮਜ਼੍ਹਬਾਂ ਦੇ ਆਗੂਆਂ ਨੇ ਆਪਣੇ ਪੈਰੋਕਾਰਾਂ ਨੂੰ ਰੋਟੀ ਹਾਸਲ ਕਰਨ ਦੀਆਂ ਸੌਖੀਆਂ ਵਿਧੀਆਂ ਹੀ ਦਸੀਆਂ ਸਨ। ਇਹ ਪ੍ਰਤੱਖ ਸੀ, ਕੋਈ ਗੁਰੂ ਪੀਰ ਜਾਂ ਪੈਗੰਬਰ ਉਦੋਂ ਹੀ ਦੁਨੀਆਂ ਵਿਚ ਆਇਆ, ਜਦੋਂ ਗ਼ਰੀਬਾਂ ਦੀ ਗਿਣਤੀ ਵਧ ਜਾਂਦੀ ਰਹੀ ਹੈ, ਤੇ ਗਰੀਬੀ ਕਰਕੇ ਡਾਕੇ ਚੋਰੀਆਂ, ਰੰਡੀਬਾਜ਼ੀ ਵਰਗੇ ਨਾਪਾਕ ਰੋਟੀ ਕਮਾਉਣ ਦੇ ਢੰਗ ਦੁਨੀਆਂ ਵਰਤਦੀ ਰਹੀ ਹੈ ਭਾਵੇਂ ਰੋਜ਼ੇ ਰਖਕੇ ਅੰਨ ਬਚਾਉਣਾ ਦਸਿਆ, ਭਾਵੇਂ ਦਸਵੰਧ ਕਢ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਦਸੀ ਤੇ ਭਾਵੇਂ ਸਚੇ ਕਾਰ ਵਿਹਾਰ ਦਾ ਉਪਦੇਸ਼ ਦਿਤਾ, ਸਭ ਰੋਟੀ ਦੀਆਂ ਮੁਸ਼ਕਲਾਂ ਹਲ ਕਰਨ ਦੇ ਸਾਧਨ ਹੀ ਸਨ। ਅਤੇ ਮਾਸਟਰ ਨੇ ਇਹ ਵੀ ਦਸਿਆ ਸੀ ਜੇਹੜਾ ਮਜ਼੍ਹਬ ਆਪਣੇ ਪੈਰੋਕਾਰਾਂ ਨੂੰ ਰੋਟੀ ਦੀ ਗਾਰੰਟੀ ਨਹੀਂ ਦੇਂਦਾ ਉਸ ਮਜ਼੍ਹਬ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਨਾ ਚਾਹੀਦਾ।

ਫਿਰ ਉਸ ਨੇ ਦੁਨੀਆਂ ਦੇ ਸਾਰੇ ਮਜ਼੍ਹਬ ਗਿਣੇ ਸਨ ਤੇ ਦਸਿਆ ਸੀ ਹਰ ਇਕ ਮਜ਼੍ਹਬ ਵਿਚ ਬਹੁਸੰਮਤੀ ਗ਼ਰੀਬਾਂ ਦੀ ਹੈ। ਹਰ ਮਜ਼੍ਹਬ ਦੇ ਅਮੀਰਾਂ ਦਾ ਇਕੋ ਸਾਂਝਾ ਮਜ਼੍ਹਬ ਸਰਮਾਏਦਾਰੀ ਹੈ ਤੇ ਸਭ ਮਜ਼੍ਹਬਾਂ ਦੇ ਗਰੀਬਾਂ ਦਾ ਇਕੋ ਮਜ਼੍ਹਬ ਗ਼ਰੀਬੀ ਤੇ ਮਿਹਨਤ ਹੈ। ਮਜ਼੍ਹਬੀ ਫਸਾਦਾਂ ਵਿਚ ਗ਼ਰੀਬ ਹੀ ਮਰਦੇ ਹਨ, ਅਮੀਰ ਅਮੀਰ ਇਕੱਠੇ ਸ਼ਰਾਬਾਂ ਉਡਾਉਂਦੇ ਹਨ। ਇਸ ਵਾਸਤੇ ਮਾਸਟਰ ਨੇ ਕਿਹਾ ਸੀ, ਦੁਨੀਆਂ ਵਿਚ ਦੋਵੇਂ ਮਜ਼੍ਹਬ ਹਨ,-ਇਕ ਗ਼ਰੀਬੀ ਤੇ ਦੂਜਾ ਅਮੀਰੀ।

੨੧੦.

ਨਵਾਂ ਮਾਸਟਰ