ਪੰਨਾ:ਨਵਾਂ ਮਾਸਟਰ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਮੈਨੂੰ ਕਾਸੇ ਜੋਗਾ ਛਡਿਆ ਹੀ ਨਹੀਂ ਸੁ। ਪਿੰਡ ਵਾਲੇ ਮੂੰਹ ਵਿਚ ਉਂਗਲਾਂ ਪਾ ਪਾ ਕੇ ਇਹਦੀਆਂ ਗੱਲਾਂ ਕਰਦੇ ਹਨ ਅਤੇ ਜੇ ਕੋਈ ਪੁਛੇ ਕਿ ਉਹ ਕੌਣ ਹੋ ਤਾਂ ਕਹਿੰਦੇ ਹਨ- ਉਸ ਸਰਦਾਰ ਦੀ ਧੀ- ਨਾਂ ਮੇਰਾ ਬਦਨਾਮ ਹੋ ਰਿਹਾ ਹੈ। ਇਹੋ ਜਿਹੀ ਔਲਾਦ ਖੁਣੋਂ ਕੀ ਥੁੜਿਆ ਸੀ। ਜੇਹੀ ਹੋਈ ਤੇਹੀ ਨਾ ਹੋਈ'।

ਸੂਰਜ ਜਾ ਚੁਕਾ ਸੀ ਅਤੇ ਹੁਣ ਚੰਦ੍ਰਮਾ ਆਪਣਾ ਰੰਗ ਵਿਖਾਲਣ ਲਈ ਤਿਆਰ ਹੋ ਬੈਠਾ ਸੀ। ਹਵਾ ਤੇਜ਼ ਹੋ ਗਈ ਅਤੇ ਨਾਲ ਨਾਲ ਠੰਢ ਵੀ ਵਧ ਰਹੀ ਸੀ। ਚਿੱਟੇ ਘੋੜੇ ਵਾਲੇ ਸਵਾਰ ਨੇ ਆਪਣੇ ਸਾਥੀ ਨੂੰ ਕਿਹਾ, 'ਸਾਡਾ ਮਾਲਕ ਵੀ ਕਿੱਡਾ ਜ਼ਿੱਦੀ ਹੈ, ਭਲਾ ਜੇਕਰ ਉਹ ਚਲੀ ਗਈ ਤਾਂ ਕੀ ਹੋਇਆ।'

'ਚੁਪ ਰਹੁ’ ਦੂਜੇ ਨੇ ਕਿਹਾ, ਜੇ ਕਿਤੇ ਉਸ ਨੇ ਸੁਣ ਲਿਆ ਤਾਂ ਆਫ਼ਤ ਆ ਜਾਏਗੀ।

ਸਰਦਾਰ ਨੇ ਵੀ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਅਤੇ ਉਸ ਨੂੰ ਰੋਹ ਚੜ੍ਹ ਗਿਆ'ਮੈਂ ਜ਼ਿੱਦੀ ਹਾਂ?' ਉਹ ਕੜਕਿਆ 'ਕਮੀਨਾ, ਨਿਮਕ ਹਰਾਮ, ਕੀ ਤੂੰ ਇਹ ਬਰਦਾਸ਼ਤ ਕਰ ਸਕਦਾ ਹੈਂ ਕਿ ਤੇਰੀ ਧੀ ਕਿਸੇ ਓਪਰੇ ਨਾਲ ਨਿਕਲ ਜਾਏ?......... ਮੂੜ੍ਹ ਮਤ, ਨਾ ਅਕਲ ਤੇ ਨਾ ਮੌਤ। ਘਰ ਪੁਜ ਲੈ ਉਹਨਾਂ ਦੇ ਨਾਲ ਹੀ ਤੇਰੀ ਵੀ ਗਤ ਬਣਾਵਾਂਗਾ। ਠੀਕ ਤੁਸੀਂ ਲੋਕ ਗਵਾਰ ਹੀ ਜੇ। ਲੋਕ ਆਂਹਦੇ ਨੇ ਕਿ ਗਵਾਂਢੀ ਦਾ ਰੂਪ ਨਹੀਂ ਆਉਂਦਾ ਮਤ ਤਾਂ ਆ ਹੀ ਜਾਂਦੀ ਹੈ; ਪਰ ਤੁਹਾਨੂੰ ਕਦੇ ਵੀ ਮਤ ਨਹੀਂ ਆਵੇਗੀ, ਭਾਵੇਂ ਕਿੰਨਾ ਚਿਰ ਸਾਡੀਆਂ ਨੌਕਰੀਆਂ ਕਰ ਲਵੋ। ਤੁਹਾਨੂੰ ਮਾਰ ਖਾਣ ਵਿਚ ਇਕ ਸੁਆਦ ਆਉਂਦਾ ਹੈ........

ਨਵਾਂ ਮਾਸਟਰ

੨੫.