ਪੰਨਾ:ਨਵਾਂ ਮਾਸਟਰ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਲਿਆ।

'ਜਮੂਰਿਆ!' ਪਾਰੋ ਨੇ ਜਮੂਰੇ ਕੋਲ ਪੁਜ ਕੇ ਆਖਿਆ।

'ਹਾਂ' ਉਹ ਉਸ ਦੇ ਪੈਰਾਂ ਵਲ ਵੇਖ ਰਿਹਾ ਸੀ।

'ਐਧਰ ਤਕ' ਪਾਰੋ ਬੋਲੀ।

ਜਮੂਰੇ ਨੇ ਨਜ਼ਰਾਂ ਤਾਂਹ ਚੁਕੀਆਂ ਅਤੇ ਉਸ ਨੇ ਪਾਰੋ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿਚ ਵੇਖਿਆ। ਜਮੂਰੇ ਨੂੰ ਇਕ ਝੁਣਝੁਣੀ ਜਿਹੀ ਆ ਗਈ। ਉਸ ਦਾ ਸਿਰ ਭੌਂ ਗਿਆ। ਉਸ ਦੇ ਕੰਨਾਂ ਵਿਚ ਆਪਣੇ ਬਾਪੂ ਦੇ ਲਫਜ਼ ਗੂੰਜਣ ਲੱਗ ਪਏ ਔਰਤ ਤੋਂ ਬਚਣ ਲਈ ਉਸਦੇ ਪੈਰਾਂ ਵਲ ਹੀ ਵੇਖਣਾ ਚਾਹੀਦਾ ਹੈ ਉਹ ਫੇਰ ਪਾਰੋ ਦੇ ਪੈਰਾਂ ਵਲ ਵੇਖਣ ਲੱਗ ਪਿਆ।

'ਮੇਰੀਆਂ ਬਕਰੀਆਂ ਵੀ ਅਜ ਤੂੰ ਹੀ ਚਾਰ ਦੇ' ਪਾਰੋ ਬੋਲੀ, 'ਸੰਤੂ ਨੂੰ ਅਜ ਸ਼ਹਿਰ ਜਾਣਾ ਪੈ ਗਿਆ ਹੈ ਅਤੇ ਮੁੜਦੀ ਬਾਕੀ ਇਹਨਾਂ ਨੂੰ ਸਾਡੇ ਵਾੜੇ ਡੱਕ ਜਾਈਂ।'

ਜਮੂਰੇ ਨੇ 'ਹੱਛਾ' ਕਿਹਾ ਤੇ ਪਾਰੋ ਵਾਪਸ ਘਰ ਮੁੜ ਗਈ। ਜਮੂਰਾ ਉਸ ਵਾਪਸ ਜਾ ਰਹੀ ਨੂੰ ਬੜੇ ਧਿਆਨ ਨਾਲ ਵੇਖਦਾ ਰਿਹਾ। ਉਸ ਦੇ ਦਿਮਾਗ਼ ਵਿਚ ਪਾਰੋ ਦੀਆਂ ਅੱਖਾਂ ਦੀ ਅਮਿੱਟ ਤਸਵੀਰ ਬਣ ਚੁਕੀ ਸੀ। ਬੰਦੇ ਨੇ ਤਾਂ ਔਰਤ ਤੋਂ ਦੂਰ ਰਹਿਕੇ ਮੁਕਤੀ ਲੈ ਲਈ ਪਰ ਔਰਤ ਕਿੱਦਾਂ ਮੁਕਤੀ ਪਾ ਸਕਦੀ ਹੈ? ਉਹ ਸੋਚ ਰਿਹਾ ਸੀ 'ਕੀ ਮੁਕਤੀ ਸਿਰਫ ਬੰਦਿਆਂ ਲਈ ਹੀ ਬਣੀ ਹੈ ਅਤੇ ਬੁਢੀਆਂ ਲਈ ਨਹੀਂ?' ਉਸਨੂੰ ਇਸ ਸਵਾਲ ਦਾ ਹਲ ਨਹੀਂ ਸੀ ਮਿਲ ਰਿਹਾ। ਸਾਰੀ ਦਿਹਾੜੀ ਉਹ ਪਾਰੋ ਦੇ ਪੈਰਾਂ ਦੀ ਥਾਂ ਉਸ ਦੀਆਂ ਅੱਖਾਂ ਦੀ ਤਸਵੀਰ ਆਪਣੇ ਦਿਮਾਗ਼ ਵਿਚ ਬਣਾਉਂਦਾ

ਨਵਾਂ ਮਾਸਟਰ

੫੧.