ਪੰਨਾ:ਨਵਾਂ ਮਾਸਟਰ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀ ਚੀਕ ਵਿਚ ਕੀ ਸੀ? ਜਿਵੇਂ ਉਸਦੀ ਰੂਹ ਨੇ ਓੜਕ ਇਕ ਭਰਵਾਂ ਹੰਭਲਾ ਮਾਰ ਕੇ ਚਿਰਾਂ ਦੀ ਬਰਦਾਸ਼ਤ ਦੇ ਜੱਰੇ ਹੋਏ ਖਲੇਪੜ ਵਗਾ ਮਾਰੇ ਹੋਣ। ਉਹਦੀਆਂ ਕੰਬਦੀਆਂ ਉਂਗਲਾਂ ਵਿਚ ਜਿਵੇਂ ਹਰਖ ਸੀ। ਉਹ ਖੜਾ ਹੋ ਗਿਆ।'

ਮੈਂ ਇਸ ਤੋਂ ਅਗੇ ਨਹੀਂ ਥਾਂ ਪੜ੍ਹ ਸਕਦਾ। ਮੇਰੀਆਂ ਅੱਖਾਂ ਅਗੇ ਹਨੇਰਾ ਜਿਹਾ ਗਿਆ। ਜਗਿਆਸ ਨੂੰ ਸਦ ਕੇ ਅਗੋਂ ਪੜ੍ਹਨ ਵਾਸਤੇ ਕਿਹਾ। ਉਸ ਸ਼ੁਰੂ ਕੀਤਾ'ਕਾਲੂ ਦੀਆਂ ਫਿਕੀਆਂ ਸਲੇਟੀ ਅੱਖਾਂ ਵਿਚ ਨਾਰੰਚੀ ਤੇਜ ਚਮਕਣ ਲਗਾ। ਉਹਦੀਆਂ ਪੁਤਲੀਆਂ ਸੁੰਗੜ ਗਈਆਂ ਤੇ ਉਨ੍ਹਾਂ ਵਿਚ ਪੀਤੇ ਹੋਏ ਸਬਰ ਦੀਆਂ ਨੀਲੀਆਂ ਕਿਰਮਚੀ ਕਿਰਨਾਂ ਭਖ ਉਠੀਆਂ ਤੇ ਉਹ ਹਟਕੋਰਿਆਂ ਵਿਚ ਬੋਲਿਆ, '....ਰਾਤੀਂ ਮੇਰੀ ਮਾਂ.... ਮਰ... ਗਈ ਸੀ।'

ਭਾਵੇਂ ਇਹ ਇਕ ਕਹਾਣੀ ਹੀ ਸੀ ਤਾਂ ਵੀ ਮੇਰੀਆਂ ਅੱਖਾਂ ਵਿਚੋਂ ਦੋ ਅਥਰੂ ਡਿਗ ਪਏ। ਮੇਰੇ ਕੰਨ ਅਗੋਂ ਨਹੀਂ ਸਨ ਸੁਣਨਾ ਚਾਹੁੰਦੇ। ਮੈਂ ਜਗਿਆਸੂ ਨੂੰ ਇਸ਼ਾਰੇ ਨਾਲ ਅਗੋਂ ਪੜ੍ਹਨੋਂ ਵਰਜਿਆ, ਪਰ.... ਇਕੋ ਹੀ ਲਾਈਨ ਰਹਿ ਗਈ ਹੈ।' ਆਖਕੇ ਉਸ ਪੜ੍ਹਿਆ 'ਉਹ ਆਪਣੀਆਂ ਕਿਤਾਬਾਂ ਇਕੱਠੀਆਂ ਕੀਤੇ ਬਿਨਾਂ ਹੌਲੀ ਹੌਲੀ ਟੁਰਦਾ ਬਾਹਰ ਨਿਕਲ ਗਿਆ।

'ਉਸ ਦਿਨ ਪਿਛੋਂ ਮੁੜ ਕਾਲੂ ਸਕੂਲ ਨਾ ਆਇਆ।'

ਮੇਰੀਆਂ ਅੱਖਾਂ ਵਿਚੋਂ ਅੱਥਰੂ ਡਿਗ ਰਹੇ ਸਨ। ਜਗਿਆਸ ਮੇਰੀ ਵਲ ਹੈਰਾਨੀ ਭਰੀਆਂ ਅੱਖਾਂ ਨਾਲ ਵੇਖ ਰਿਹਾ ਸੀ। ਮੈਥੋਂ ਨਾ ਰਿਹਾ ਗਿਆ। ਮੈਂ ਆਪਣੇ ਯਤੀਮ ਵੀਰ ਜਗਿਆਸ ਨੂੰ ਘੁਟ ਕੇ ਹਿਕ ਨਾਲ ਲਾ ਲਿਆ।

ਨਵਾਂ ਮਾਸਟਰ

੬੯.