ਪੰਨਾ:ਨਵਾਂ ਮਾਸਟਰ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਸੱਵਰ ਮਾਲ ਰੋਡ ਦੀਆਂ ਕੋਠੀਆਂ ਦੇ ਵਰਾਂਡਿਆਂ ਵਿਚ, ਗੋਲ ਕਮਰਿਆਂ ਦੇ ਸੋਫ਼ਿਆ ਤੇ, ਡਰਾਇੰਗ ਰੂਮ ਦੇ ਡਰੈਸਿੰਗ ਟੇਬਲਾਂ ਦੇ ਆਦਮ ਕਦ ਸ਼ੀਸ਼ਿਆਂ ਅਗੇ ਜਾਂ ਬਾਹਰ ਪਲਾਟਾਂ ਚੰਬੇਲੀ ਤੇ ਇਸ਼ਕ ਪੇਚੇ ਦੀਆਂ ਮਲੂਕੜੀਆਂ ਫੁੱਲ ਪੱਤੀਆਂ ਵਿਚ ਭੌਣ ਲਗ਼ ਪਿਆ ਸੀ। ਕਹਾਣੀ ਪੜ੍ਹਦਾ ਪੜ੍ਹਦਾ ਉਹ ਆਪੇ ਨੂੰ ਉਸ ਵਿਚ ਦਾ ਪ੍ਰੇਮੀ ਪ੍ਰਤੀਤ ਕਰਨ ਲਗ ਜਾਂਦਾ, ਮਿਲਾਪ ਵਿਚ ਖੁਸ਼ ਹੁੰਦਾ ਵਿਛੋੜੇ ਵਿਚ ਵੈਰਾਗ-ਮਈ ਹੁੰਦਾ ਤੇ ਕਦੀ ਕਦੀ ਦੁਖਾਂਤ ਕਹਾਣੀ ਦੇ ਅੰਤ ਤੇ ਉਸਦੇ ਮੂੰਹੋਂ ਇਕ ਡੂੰਘਾ ਹਾਉਕਾ ਵੀ ਨਿਕਲ ਜਾਂਦਾ ਜਿਸ ਦੇ ਨਾਲ ਹੀ ਅੱਖਾਂ ਦੀਆਂ ਨੁੱਕਰਾਂ ਵਿਚ ਅੱਥਰੂ ਵੀ ਰਿਸ ਆਉਂਦੇ। ਉਹ ਉਸੇ ਲਿਖਾਰੀ ਨੂੰ ਕਾਮਯਾਬ ਸਮਝਦਾ ਸੀ ਜਿਹੜਾ ਪਿਆਰ ਨੂੰ ਵਧ ਤੋਂ ਵਧ ਦਿਲ ਟੁੰਬਵਾਂ ਦਰਸਾ ਸਕੇ, ਜਿਹੜਾ ਉਸਦੇ ਦਿਲ ਨੂੰ ਚੰਗਾ ਲਗ ਸਕੇ। ਭਾਵੇਂ ਵਿਛੋੜੇ ਦੀ ਕਹਾਣੀ ਹੋਵੇ ਤੇ ਭਾਵੇਂ ਮਿਲਾਪ ਦੀ ਪਰ ਉਸ ਵਿਚ ਜੋੜ ਦਾ ਹੋਣਾ ਜ਼ਰੂਰੀ ਸਮਝਦਾ ਸੀ, ਅਜੋੜ ਉਸ ਨੂੰ ਚੰਗੇ ਨਹੀਂ ਸਨ ਲਗਦੇਪਿਆਰ ਇਕ ਮਹਿੰਗੀ ਚੀਜ਼ ਹੈ, ਟਕੇ ਸੇਰ ਵਿਕਣ ਵਾਲੀਆਂ ਮੂਲੀਆਂ ਗਾਜਰਾਂ ਨਹੀਂ ਜੋ ਹਾਰੀ ਸਾਰੀ ਖਰੀਦ ਸਕਦਾ ਹੈ। ਪਿਆਰ ਲੱਖਾਂ ਦੇ ਭਾ ਤੋਂ ਵੀ ਵਧ ਮੁਲ ਦਾ ਹੈ, ਇਹ ਅਮੀਰਾਂ ਦੀ ਵਿਰਾਸ ਵਿਚ ਹੀ ਰਹਿਣਾ ਚਾਹੀਦਾ ਹੈ। ਗ਼ਰੀਬਾਂ ਨੂੰ ਪਿਆਰ ਕਰਨਾ ਨਹੀਂ ਆ ਸਕਦਾ, ਉਨ੍ਹਾਂ ਨੂੰ ਰੋਟੀ ਦੇ ਧੰਧਿਆਂ ਤੋਂ ਹੀ ਵਿਹਲ ਕਿਥੇ, ਪਿਆਰ ਸੰਤੁਸ਼ਟ ਦਿਲਾਂ ਦੀਆਂ ਤਾਰਾਂ ਦੀ ਟੁੰਨਕਾਰ ਹੈ। ਪਿਆਰ ਇਕ ਦੇਵਤਾ ਹੈ ਜਿਸ ਨੂੰ ਰੀਝਾਉਣ ਵਾਸਤੇ ਕੋਠੀਆਂ ਦਾ, ਕਾਰਾਂ ਦਾ ਤੇ ਸਿਨੇਮਿਆਂ ਦਾ ਹੋਣਾ ਜ਼ਰੂਰੀ ਹੈ।

ਨਵਾਂ ਮਾਸਟਰ

੭੫.