ਪੰਨਾ:ਨਵਾਂ ਮਾਸਟਰ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਜੀਅ ਕੀਤਾ ਆਖਰ ਇਦਾਂ ਤਾਂ ਕਿਉਂ? ਕੀ ਉਹ ਨਰੇਂਦਰ ਨੂੰ ਅਪਣੇ ਦਿਲ ਦੀਆਂ ਡੂੰਘਾਣਾ 'ਚੋਂ ਪਿਆਰ ਨਹੀਂ ਸੀ ਕਰਦਾ? ਕੀ ਉਹ ਪੋਟਾ ਪੋਟਾ ਨਰੇਂਦਰ ਦਾ ਨਹੀਂ ਸੀ ਹੋ ਜਾਣਾ ਚਾਹੁੰਦਾ? ਉਹ ਤਾਂ ਨਰੇਂਦਰ ਹੀ ਹੋ ਜਾਣਾ ਚਾਹੁੰਦਾ ਸੀ, ਉਸ ਨੂੰ ਤੇ ਹੋਰ ਕੁਝ ਜਚਦਾ ਵੀ ਨਹੀਂ ਸੀ, ਉਹ ਤਾਂ ਉਸੇ ਨੂੰ ਪਿਆਰ ਕਰਦਾ ਸੀ, ਉਸ ਦਾ ਅੱਲ੍ਹੜ ਪਿਆਰ। ਤੇ ਉਸ ਨੇ ਆਪਣੇ ਖੱਦਰ ਦੇ ਕਮੀਜ਼ ਪਜਾਮੇਂ ਵਲ ਨਿਗਾਹ ਮਾਰੀ, ਲਾਲ ਖੱਲ ਦੀ ਜੁੱਤੀ ਉਤੇ ਘਟਾ ਜੰਮਿਆ ਹੋਇਆ ਸੀ ਉਸ ਦਾ ਜੀ ਮਿਚਕ ਗਿਆ, ਉਸ ਦੇ ਦਿਮਾਗ਼ ਨੂੰ ਜਿਵੇਂ ਕੋਈ ਝੰਜੋੜ ਰਿਹਾ ਸੀ।

ਕਿਸੇ ਦੀ ਲਿਆਕਤ ਦਾ ਅੰਦਾਜ਼ਾ ਕਪੜਿਆਂ ਤੋਂ ਤਾਂ ਨਹੀਂ ਸੀ ਹੋ ਸਕਦਾ। ਕਾਸ਼ , ਉਹ ਪਲ ਕੁ ਰੁਕ ਕੇ ਉਸ ਦੀ ਗੱਲ ਸੁਣ ਲੈਂਦੀ, ਉਸ ਦੀ ਧੜਕਦੀ ਹਿੱਕ ਨਾਲ ਕੰਨ ਲਾ ਕੇ ਉਸ ਦੇ ਅਛੋਹ ਦਿਲ ਦੀ ਉਮੰਗਾਂ ਭਰੀ ਅਵਾਜ਼ ਸੁਣ ਲੈਂਦੀ। ਉਸ ਨੂੰ ਅਫ਼ਸੋਸ ਸੀ, ਨਰੇਂਦਰ ਨੇ ਉਸ ਨੂੰ ਆਪਣੇ ਉਚੇ ਖ਼ਿਆਲ ਦਸਣ ਦਾ ਸਮਾਂ ਹੀ ਨਹੀਂ ਸੀ ਦਿਤਾ, ਉਹ ਤਾਂ ਇਕ ਕਵੀ ਸੀ। ਆਪਣੇ ਦੋਸਤਾਂ ਵਿਚ ਸਤਿਕਾਰਿਆ ਲਿਖਾਰੀ ਸੀ। ਸਾਹਿੱਤਕ ਸਭਾਵਾਂ ਵਿਚ ਉਸ ਦੀਆਂ ਲਿਖਤਾਂ ਤੇ ਤਾਲੀਆਂ ਨਾਲ ਹਾਲ ਗੂੰਜ ਉਠਦਾ ਸੀ... ਨਹੀਂ, ਉਹ ਉਸ ਨੂੰ 'ਨਫ਼ਰਤ ਨਹੀਂ ਸੀ ਕਰ ਸਕਦੀ, ਕਾਸ਼, ਉਸ ਨੂੰ ਨੇੜਿਉਂ ਹੋ ਕੇ ਵੇਖ ਸਕਦੀ।

ਉਹ ਇਕ ਵਾਰ ਹੋਰ ਪਿਆਰ-ਭਿਖ ਮੰਗਣ ਵਾਸਤੇ ਨਰੇਂਦਰ ਅਗੇ ਹੱਥ ਅੱਡਣ ਤਾਂ ਜ਼ਰੂਰ ਜਾਂਦਾ ਪਰ ਬੜੇ ਸਮੇਂ ਪਿੱਛੋਂ

੮੨.

ਸਮੇਂ ਸਮੇਂ