ਪੰਨਾ:ਨਵਾਂ ਮਾਸਟਰ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠੱਕ ਠੱਕ ਦੇ ਵਿਚ ਕਦੀ ਕਦੀ ਸਾਹਿਬ ਦੀ ਕੋਠੀ ਵਲੋਂ ਉਸ ਦੀ ਕਿਸੇ ਨਵੀਂ ਪ੍ਰੇਮਕਾ ਦੀ ਚਾਂਦੀ ਦੇ ਘੁੰਗਰੂਆਂ ਦੀ ਟੁਣਕਾਰ ਜਿਹੀ ਹਾਸੀ ਮਜ਼ਦੂਰਾਂ ਦੇ ਕੰਨਾਂ ਵਿਚ ਇਕ ਓਪਰੇ ਸਾਜ਼ ਦੀ ਬੇਤਾਲ ਸੁਰ ਵਾਂਗੂ ਰੜਕ ਜਾਂਦੀ ਹੈ।

ਇਹ 'ਨੈਸ਼ਨਲ ਪ੍ਰੋਡਿਊਸਰਜ਼' ਦੀ ਮਸ਼ੀਨ ਸ਼ਾਪ ਹੈ। ਇਕ ਲੰਮਾ ਚੌੜਾ ਕਮਰਾ, ਦੋ ਪਾਸੀ ਦੋ ਕਤਾਰਾਂ ਵਿਚ ਨਿਕੇ ਵਡੇ ਖਰਾਦ ਪਾਗਲਾਂ ਵਾਗੂੰ ਭਵੀਂ ਜਾਂਦੇ ਹਨ, ਅਸਪਾਤ ਦੇ ਫੁਲ ਘੁਮਦੇ ਲੋਹੇ ਦੇ ਪੜਛੇ ਲਾਹੀ ਜਾਂਦੇ ਹਨ, ਘੀਂ, ਠੱਕ, ਪਟਾਕ, ਤੇ ਲੋਹੇ ਨੂੰ ਲੋਹਾ ਕਟਦਾ ਹੈ, ਕਾਰੀਗਰਾਂ ਦਾ ਮਾਸ ਪੰਘਰਦਾ ਹੈ, ਮਿਝ ਗਰਾਰੀਆਂ ਨੂੰ ਤਰ ਕਰਦੀ ਪੱਕੇ ਫਰਸ਼ 'ਤੇ ਚੋ ਜਾਂਦੀ ਹੈ, ਤੇ ਖਰਾਦ ਘੁੰਮਦੇ ਹਨ।

'ਕੀ ਗਲ ਬਖ਼ਸ਼ੀ, ਅਜ ਲੇਟ ਕਿਉਂ ਆਇਆ ਏਂ?' ਕਰਤਾਰ ਆਪਣੇ ਨਾਲ ਦੇ ਖਰਾਦੀਏ ਤੋਂ ਪੁਛਦਾ ਹੈ।

'ਮੀਂਹ ਕਰਕੇ ਵਕਤ ਦਾ ਪਤਾ ਈ ਨਹੀਂ ਲਗਾ!' ਬਖ਼ਸ਼ੀ ਓਵੇਂ ਹੀ ਟੂਲ ਤੇ ਝੁਕਿਆ ਰਹਿੰਦਾ ਹੈ, ਉਸ ਦਾ ਹੱਥ ਸਹਿਜੇ ਸਹਿਜੇ ਗਰਾਰੀ ਦੇ ਚੱਕਰ ਕਟਦਾ ਹੈ ਤੇ ਟੂਲ ਐਕਸਲ ਤੇ ਵਾਲ ਵਾਲ ਅਗੇ ਸਰਕਦਾ ਹੈ। ਉਹ ਅਜ ਇਕ ਘੰਟਾ ਲੇਟ ਆਇਆ ਹੈ, ਅੱਠ ਦੀ ਬਜਾਸੇ ਅਠ ਵੀਹ ਅੰਦਰ ਆਇਆ ਸੀ ਤੇ ਉਦੋਂ ਤੋਂ ਹੀ ਐਕਸਲ ਖਰਾਦ ਰਿਹਾ ਹੈ, ਪਰ ਫੈਕਟਰੀ ਦੇ ਕਾਨੂੰਨ ਅਨੁਸਾਰ ਉਹ ਇਕ ਘੰਟਾ ਲੇਟ ਸਮਝਿਆ ਗਿਆ ਹੈ, ਉਸ ਨੂੰ ਅੱਜ ਅਠਾਂ ਦੀ ਬਜਾਏ ਸੱਤਾਂ ਘੰਟਿਆਂ ਦੀ ਮਜ਼ਦੂਰੀ ਮਿਲੇਗੀ, ਪਰ ਉਸ ਦੀ ਪ੍ਰਾਗ੍ਰੈਸ ਵਿਚ ਫਰਕ ਨਹੀਂ ਆ ਸਕਦਾ, ਉਹ ਪੰਜਾਹ ਐਕਸਲ ਹੀ

ਨਵਾਂ ਮਾਸਟਰ

੯੫.