ਪੰਨਾ:ਨਵਾਂ ਮਾਸਟਰ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਰਾਦੇਗਾ, ਨਹੀਂ ਤਾਂ ਫੌਰਮੈਨ ਨਾਰਾਜ਼ ਹੋ ਜਾਏਗਾ, ਕਿਉਂਕਿ ਉਸ ਨੇ ਸਾਹਿਬ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਜ ਦਸ ਕੇ ਉਸ ਦੀ ਖੁਸ਼ੀ ਹਾਸਲ ਕਰਨੀ ਹੈ।

ਸਾਲਾਂ ਤੋਂ ਇਵੇਂ ਹੀ ਖ਼ਰਾਦ ਚੀਕਦੇ, ਗਰਜਦੇ, ਕਿਸੇ ਆਦਮ-ਖ਼ੋਰ ਦੈਂਤ ਵਾਗੂੰ ਚੰਘਾੜਦੇ ਖਰਾਦੀਆਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਚਿੱਥਦੇ ਤੇ ਹਜ਼ਮ ਕਰਦੇ ਘੁਮ ਰਹੇ ਹਨ। ਗਰੀਬ ਮਾਪਿਆਂ ਦੇ ਅਖਾਂ ਦੇ ਤਾਰੇ, ਜਿਗਰ ਦੇ ਟੋਟੇ, ਕੱਚੇ ਕੱਚੇ ਲੂਏਂ ਮੁੰਡੇ, ਜਿਨ੍ਹਾਂ ਦੀਆਂ ਸਧਰਾਈਆਂ ਅਖੀਆਂ ਵਿਚ ਮਹੱਲੇ ਦੀਆਂ ਗਲੀਆਂ ਵਿਚ ਪਲ ਕੁ ਹੋਰ ਚੀਚੋ ਚੀਚ ਗਲੇਰੀਆਂ ਖੇਡ ਲੈਣ ਦਾ ਤਰਲਾ ਡੁਲ੍ਹ ਡੁਲ੍ਹ ਪੈਂਦਾ ਹੈ, ਜਿਨਾਂ ਦੇ ਕੂਲੇ ਪਟ ਜਿਹੇ ਕਮਜ਼ੋਰ ਹਥ ਲਾਟੂਆਂ ਦੀਆਂ ਜਾਲੀਆਂ ਲਪੇਟਣ ਤੋਂ ਸਿਵਾ ਹੋਰ ਕੁਝ ਨਹੀਂ ਸਿਖਣਾ ਚਾਹੁੰਦੇ, ਉਨ੍ਹਾਂ ਦੀ ਜ਼ਿੰਦਗੀ ਡਾਕ-ਚੈਕ ਤੇ ਥਰੂ-ਚੈਕ ਦੀਆਂ ਮੋਰੀਆਂ ਵਿਚ ਚਾਬੀਆਂ ਘੁਮਾਉਂਦਿਆਂ ਤੇ ਪੰਜ-ਬਤੀ, ਸੱਤ-ਬਤੀ, ਦੀਅ ਬੇ-ਜਾਨ ਫੌਲਾਦੀ ਗਰਾਰੀਆਂ ਬੰਨ੍ਹਦਿਆਂ, ਅਣ ਖਿੜੇ ਫੁਲ ਵਾਂਗੂੰ, ਬੰਦ ਹੀ ਬੰਦ, ਮੁਰਝਾ ਕੇ ਝੜ ਜਾਂਦੀ ਹੈ। ਬਾਰਾਂ ਆਨੇ ਰੋਜ਼ ਤੇ ਅਪ੍ਰੇਂਟਿਸ ਸਿਖਾਂਦਰੂ ਲਗਦੇ ਹਨ, ਸਾਲਾਂ ਬੱਧੀ ਉਸਤਾਦ ਦੀਆਂ ਝਿੜਕਾਂ, ਫੋਰਮੈਨ ਦੀਆਂ ਨਾਜ਼ ਬਰਦਾਰੀਆਂ ਕਰਨ ਪਿਛੋਂ ਤਿੰਨ ਰੁਪਏ ਰੋਜ਼ ਤਕ ਅਪੜਦੇ ਹਨ। ਪਰ ਉਸ ਵੇਲੇ, ਇਕ ਬੁਢਾ ਪਿਓ, ਮਾਂ, ਜਵਾਨ ਭੈਣਾਂ, ਮਾਸੂਮ ਭਰਾ ਵਹੁਟੀ ਤੋਂ ਬਚੇ ਦੋ ਸੁੱਕੇ ਟੁਕਰਾਂ ਵਾਸਤੇ ਉਸ ਦਾ ਰਾਹ ਵੇਖ ਰਹੇ ਹੁੰਦੇ ਹਨ। ਗਰੀਬ ਦਾ ਪੁਤਰ ਗਰੀਬ ਤੇ ਅਮੀਰ ਦਾ ਪੁਤਰ ਅਮੀਰ ਹੀ ਜੰਮਦਾ ਹੈ।

੯੬.

ਮਸ਼ੀਨ ਸ਼ਾਪ