ਪੰਨਾ:ਨਵਾਂ ਮਾਸਟਰ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਆ ਡਿਗਦਾ ਹੈ, ਮੱਥਾ ਪਾਟ ਕੇ ਲਹੂ ਵਹਿ ਤੁਰਦਾ ਹੈ ਅਤੇ ਉਹ ਨੀਮ ਬੇਹੋਸ਼ੀ ਦੀ ਹਾਲਤ ਵਿਚ ਹਥਾਂ ਵਿਚ ਸਿਰ ਘੁਟੀ, ਸਿਧਾ ਹੋ ਕੇ ਫਰਸ਼ ਤੇ ਬੈਠ ਜਾਂਦਾ ਹੈ।

ਸਾਰੇ ਖਰਾਦ ਜਿਵੇਂ ਬਲੀ ਮਿਲ ਕੇ ਸ਼ਾਂਤ ਹੋ ਜਾਂਦੇ ਹਨ, ਸਭ ਕਾਰੀਗਰ ਬਲਵੰਤ ਵਲ ਦੌੜਦੇ ਹਨ। ਮਸ਼ੀਨਾਂ ਦੇ ਰੁਕ ਜਾਣ ਤੋਂ ਸੁਚੇਤ ਹੋ ਕੇ ਫੋਰਮੈਨ ਵੀ ਆ ਜਾਂਦਾ ਹੈ।

"ਹਟੋ ਸਾਰੇ, ਜਾਓ ਕੰਮ ਕਰੋ, ਮਾਮੂਲੀ ਸੱਟ ਹੈ ਆਪੇ ਠੀਕ ਹੋ ਜਾਏਗਾ", ਫੋਰਮੈਨ ਕਿਸੇ ਖ਼ਾਸ ਵਿਅੰਗ ਵਿਚ ਆਖਦਾ ਹੈ। "ਕੰਮ ਕਰਦਿਆਂ ਸਟਾਂ ਲਗ ਹੀ ਜਾਂਦੀਆਂ ਹਨ।"

"ਪਰ ਕੰਮ ਸਾਡੇ ਪਿਓ ਦਾ ਤਾਂ ਨਹੀਂ।" ਕਿਸੇ ਦੀ ਗੁੱਸੇ ਵਿਚ ਭਰੀ ਅਵਾਜ਼ ਆਉਂਦੀ ਹੈ।

"ਇਥੇ ਕੀ ਲੈਣ ਆਇਆ ਹੈਂ ਪਿਓ ਦੇ ਖਰਾਦ ਹੀ ਸਾਫ ਕਰਿਆ ਕਰ...."

'ਫੋਰ-ਮੈਨ, ਤੂੰ ਹੁਣ ਨਹੀਂ ਸਾਡੇ ਰਾਹ ਵਿਚ ਰੋਕ ਪਾ ਸਕਦਾ।' ਇਕ ਹੋਰ ਜੋਸ਼ੀਲੀ ਕੂਕ ਦਰਵਾਜ਼ੇ ਦੀ ਜਾਲੀ ਨੂੰ ਲੰਘਦੀ ਹੋਈ, ਸਾਵਣ ਦੀਆਂ ਕਣੀਆਂ ਵਿਚ ਸਿਜਦੀ, ਪੁਰੇ ਦੀਆਂ ਬੇਤਾਬ ਫਰਾਟਾਂ ਉੱਤੇ ਸਵਾਰ ਸਾਹਿਬ ਦੀ ਕੋਠੀ ਅੰਦਰ ਜਾ ਗੂੰਜਦੀ ਹੈ।

ਅਤੇ ਮਸ਼ੀਨ-ਸ਼ਾਪ ਦੇ ਸਾਰੇ ਮਜ਼ਦੂਰ ਬਲਵੰਤ ਨੂੰ ਹਥਾਂ ਵਿਚ ਸਹਾਰਾ ਦਈ ਜਾਲੀ ਦੇ ਫਾਟਕ ਵਲ ਵਧਦੇ ਹਨ। ਉਸ ਦੇ ਹਥ ਵਿਚ ਇਕ ਲੰਮਾ ਸਫੈਦ ਕਾਗਜ਼ ਹਵਾ ਵਿਚ ਫੜ ਫੜਾ ਰਿਹਾ ਹੈ।