ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(U.N.O.) ਨੇ ਅਮੁੱਕਾ ਜੰਗ ਰੋਕਿਆ ਕਿ ਨਹੀਂ, ਸਗੋਂ ਇਸ ਗੱਲ ਤੋਂ ਜਾਚਣੀ ਚਾਹੀਦੀ ਹੈ ਕਿ ਆਮ ਲੋਕਾਂ ਦੇ ਦਿਲ ਕਿਸੇ ਬੇਇਨਸਾਫੀ ਨੂੰ ਦੇਖ ਕੇ ਕਿਤਨੇ ਕੁ ਤੜਫਦੇ ਹਨ। ਇਹ ਪ੍ਰਤੱਖ ਹੈ ਕਿ ਮਨੁੱਖੀ ਦਿਲ ਦਾ ਵਲਵਲਾ ਤੇ ਇਖ਼ਲਾਕੀ ਇਹਸਾਸ ਬਹੁਤ ਕੋਮਲ ਹੋ ਗਿਆ ਹੈ। ਸੜਕਾਂ ਦੀ ਸੇਧ ਜਾਂ ਪੱਧਰ ਦੇ ਵਿੰਗ, ਮਕਾਨਾਂ ਦਾ ਕੋਝਪੁਣਾ, ਹਰਿਆਵਲ ਦੀ ਅਣਹੋਂਦ ਇੰਨੀ ਦੁਖਦਾਈ ਹੁੰਦੀ ਹੈ ਜਿੰਨੀ ਕਿ ਗੰਦਗੀ ਦੀ ਢੇਰੀ। ਰਹਿਣੀ ਬਹਿਣੀ ਵਿਚ ਸਫ਼ਾਈ, ਚੁਸਤੀ ਸੁਚੱਜਤਾ ਵਧੇਰੇ ਹੈ। ਸ਼ਰਾਫ਼ਤ ਇਸ ਸਮੇਂ ਦਾ ਖਾਸ ਗੁਣ ਹੈ। ਇਸ ਇਹਸਾਸ ਵਿੱਚ ਇੰਨੀ ਕੋਮਲਤਾ ਆ ਗਈ ਹੈ ਕਿ ਹੁਣ ਬਾਦਸ਼ਾਹ ਭੀ ਆਪਣੇ ਵਲੋਂ ਮਾਂ ਬਦੌਲਤ, 'ਹਮ' ਆਦਿ ਲਫ਼ਜ਼ ਵਰਤਣ ਤੋਂ ਸੰਕੋਚ ਕਰਦੇ ਹਨ। ਅੱਗੇ ਤਾਂ ਵੱਡੇ ਵੱਡੇ ਮਹਾਤਮਾ, ਅਵਤਾਰ ਤੇ ਪੀਰ ਪੈਗ਼ੰਬਰ ਆਪਣੇ ਆਪ ਨੂੰ ਖਾਸ ਅਧਿਕਾਰੀ ਮਨ ਕੇ ਆਮ ਲੋਕਾਂ ਨੂੰ ਹਾਕਮਾਨਾਂ ਲਹਿਜੇ ਵਿਚ ਆਗਿਆ ਕਰਦੇ ਹਨ ਅਤੇ ਐਹੋ ਜਹੀ ਬੋਲੀ ਵਰਤਦੇ ਸਨ: "ਹੇ ਥਕੇ ਮਾਂਦੇ ਲੋਕੋ! ਮੇਰੇ ਪਾਸ ਆਓ, ਮੈਂ ਤੁਹਾਨੂੰ ਜ਼ਿੰਦਗੀ ਦਾ ਪਾਣੀ ਦੇਵਾਂਗਾ। ਸਾਰੇ ਰਸਤੇ ਮੇਰੇ ਵਲ ਲਿਆਉਂਦੇ ਹਨ।" ਇਹੋ ਜਹੇ ਲਫ਼ਜ਼ ਅਜ ਕਲ ਦੀ ਵਧੀ ਹੋਈ ਸਭਿਅਤਾ ਦੇ ਅਨਕੂਲ ਨਹੀਂ, ਕਿਉਂਕਿ ਇਨ੍ਹਾਂ ਵਿਚ ਉਹ ਬਰੀਕ ਜਹੀ ਨਿਮਰਤਾ ਨਹੀਂ ਜੋ ਇਕ ਉੱਚੀ ਸ਼ਰਾਫ਼ਤ ਵਾਲੇ ਜੈਂਟਲਮੈਨ ਵਿਚ ਹੋਣੀ ਚਾਹੀਦੀ ਹੈ। ਨੇਕੀ ਦਾ ਭਾਵ ਬਹੁਤ ਕੋਮਲ ਹੋ ਗਿਆ ਹੈ, ਅਤੇ ਨਾਲ ਹੀ ਇਸ ਦੀ ਪਰਖ ਦਾ ਮਿਆਰ ਭੀ ਉੱਚਾ ਹੋ ਗਿਆ ਹੈ, ਜਿਸ ਨਾਲ ਦਿਆਨਤ-ਦਾਰੀ ਅਤੇ ਪਬਲਕ ਆਚਰਣ ਦੇ ਨੇਮਾਂ ਦੀ ਜ਼ਰਾ ਜਿੱਨੀ ਉਲੰਘਣਾ ਭੀ ਝਟ ਪਟ ਪ੍ਰਤੀਤ ਹੋ ਜਾਂਦੀ ਹੈ। ਜੰਗਾ ਕਰਨਾ ਅਜੇ ਨਾਮੁਮਕਨ ਤਾਂ ਨਹੀਂ ਹੋ ਗਿਆ, ਪਰ ਜੰਗ ਕਰਨ ਵੇਲੇ ਹਰ ਇਕ ਧਿਰ ਇਸ ਨੂੰ ਬੁਰਾ ਸਮਝ ਕੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਕੰਨੀ ਕਤਰਾਂਦੀ ਹੈ। ਅੱਗੇ ਉਹ ਜ਼ਮਾਨਾ ਸੀ ਕਿ ਬਾਬਰ ਜਹੇ ਭਲੇਮਾਣਸ ਭੀ ਤਲਵਾਰ ਲੈ ਕੇ ਕਿਸੇ ਹੋਰ ਦੇਸ਼ ਉਤੇ ਹਮਲਾ ਕਰਨ ਨੂੰ ਮਰਦਾਨਗੀ ਸਮਝਦੇ ਸਨ ਬਲਕਿ 'ਸੁਲਤਾਨ' ਅਖਵਾ ਹੀ ਉਹ ਸਕਦਾ ਸੀ ਜੋ ਤਲਵਾਰ ਦੇ ਜ਼ੋਰ ਨਾਲ ਕਿਸੇ ਮੁਲਕ ਨੂੰ ਨਿਵਾ ਲਵੇ। ਹੁਣ ਹਿਟਲਰ ਭੀ ਕਹਿੰਦਾ ਸੀ ਕਿ ਤਲਵਾਰ ਮੇਰੇ ਹੱਥ ਵਿਚ ਧੀਂਗੋਜ਼ੋਰੀ ਦੂਜੀ ਧਿਰ ਨੇ ਫੜਾਈ ਹੈ। ਇਹ ਗੱਲ ਆਖਣ ਵਿਚ ਭਾਵੇਂ ਉਸ ਦੀ ਨੀਅਤ ਠੀਕ ਨਹੀਂ ਸੀ, ਪਰ ਤਲਵਾਰ ਉਠਾਉਣ ਦੀ ਜ਼ਿੰਮੇਵਾਰੀ ਨੂੰ ਤਾਂ ਉਹ ਮਾੜਾ ਹੀ ਮੰਨਦਾ ਸੀ। ਇਹ ਗਲ ਕਰੀਬਨ ਹਰ ਇਕ ਮਹੱਜ਼ਬ ਦੇਸ਼ ਮੰਨ ਗਿਆ ਹੈ ਕਿ ਕਿਸੇ