ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪ ਧਾਰਨ ਕਰਨ ਲੱਗਿਆਂ ਮਨੁੱਖੀ ਜੀਵਨ ਦੀਆਂ ਸਧਾਰਣ ਹਾਲਤਾਂ ਭੀ ਅੱਖਤਿਆਰ ਕੀਤੀਆਂ ਸਨ, ਅਰਥਾਤ ਮਨੁੱਖੀ ਬੋਲੀ ਉਨ੍ਹਾਂ ਵਰਤੀ ਜੋ ਲੋਕ ਵਰਤਦੇ ਸਨ, ਸਰੀਰਕ ਚੋਲੇ ਦੀ ਭਜਣ ਬਣਨ ਵਾਲੀ ਹਾਲਤ, ਲਿਖਣ ਪੜ੍ਹਨ ਦੀ ਅੱਖਰੀ ਸਿਖਿਆ ਉਹੀ ਵਰਤੀ ਜੋ ਹੋਰ ਵਰਤਦੇ ਸਨ। ਹਾਂ ਉਨ੍ਹਾਂ ਨੇ ਆਤਮਕ ਸਿਖਿਆ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਕੋਲੋਂ ਨਹੀਂ ਸਿਖੀ। ਇਸੇ ਵਿਚ ਉਨ੍ਹਾਂ ਦੀ ਵਡਿਆਈ ਹੈ। ਹਿੰਦੂ ਸਜਣ (ਡਾਕਟਰ ਗੋਕਲ ਚੰਦ ਨਾਰੰਗ ਆਦਿ) ਚਾਹੁੰਦੇ ਹਨ ਕਿ ਗੁਰੂ ਜੀ ਦੇ ਖ਼ਿਆਲ ਵੇਦਾਂ ਸ਼ਾਸਤ੍ਰਾਂ ਬਾਬਤ ਪ੍ਰਮਾਣੀਕ ਨਾ ਮੰਨੇ ਜਾਣ, ਇਸ ਲਈ ਉਹ ਲਿਖਦੇ ਹਨ ਕਿ ਗੁਰੂ ਜੀ ਦੀ ਇਲਮੀ ਲਿਆਕਤ ਬਹੁਤ ਨਹੀਂ ਸੀ, ਇਸ ਲਈ ਉਨ੍ਹਾਂ ਨੇ ਵੇਦਾਂ ਸ਼ਾਸਤ੍ਰਾਂ ਨੂੰ ਪੜ੍ਹ ਕੇ ਕੋਈ ਸਿੱਟੇ ਨਹੀਂ ਕੱਢੇ, ਕੇਵਲ ਸੁਣੀ ਸੁਣਾਈ ਗੱਲ ਦੇ ਅਧਾਰ ਤੇ ਜਾਂ ਹਿੰਦੂਆਂ ਦੀ ਆਮ ਵਰਤਣ ਤੋਂ ਜਾਂਚ ਕੇ ਨੁਕਤਾਚੀਨੀ ਕਰ ਦਿੱਤੀ।

ਇਨ੍ਹਾਂ ਸਜਣਾਂ ਦੀ ਇਸ ਦਲੀਲ ਤੇ ਹਾਸਾ ਆਉਂਦਾ ਹੈ। ਕਦੀ ਤਾਂ ਜਦੋਂ ਸਤਿਗੁਰੂ ਜੀ ਨੂੰ ਸੰਸਕ੍ਰਿਤ ਦੀਆਂ ਪੁਸਤਕਾਂ ਦਾ ਆਸਰਾ ਲੈਂਦਾ ਹੋਇਆ ਸਾਬਤ ਕਰਨਾ ਚਾਹੁੰਦੇ ਹਨ ਕਿ ਵੇਖੋ "ਤਿਸ ਦੇ ਚਾਨਣਿ ਸਭ ਮਹਿ ਚਾਨਣੁ ਹੋਇ" ਵਾਲੀ ਤੁਕ ਮੁੰਡਕ ਉਪਨਿਸ਼ਦ (੨੨:੧੦) ਦਾ ਉਲਥਾ ਹੈ, ਅਤੇ "ਭੈ ਵਿਚਿ ਪਵਣੁ ਵਹੈ ‘ਸਦ ਵਾਓ" ਵਾਲੀਆਂ ਤੁਕਾਂ ਤੈਤ੍ਰੰਯ ਉਪਨਿਸ਼ਦ ਵਿਚੋਂ ਲਈਆਂ ਹਨ। ਪਰ ਜਦੋਂ ਗੁਰੂ ਜੀ ਨੂੰ ਇਹ ਆਖਦਾ ਦੇਖਦੇ ਹਨ ਕਿ "ਬ੍ਰਹਮਾ ਮੂਲੁ ਵੇਦ ਅਭਿਆਸਾ, ਤਿਤੇ ਉਪਜ ਦੇਵ ਮੋਹ ਪਿਆਸਾ, ਤ੍ਰੈਗੁਣ ਭਰਮੈ ਨਾਹੀ ਨਿਜ ਘਰਿ ਵਾਸਾ" ਤਾਂ ਕਹਿ ਉਠਦੇ ਹਨ ਕਿ ਗੁਰੂ ਜੀ ਨੇ ਵੇਦ ਪੜ੍ਹ ਕੇ ਨਹੀਂ ਦੇਖੋ, ਐਵੇਂ ਸੁਣੀ ਸੁਣਾਈ ਗੱਲ ਕਰ ਛੱਡੀ।

ਫ਼ਾਰਸੀ ਕਿਤਾਬਾਂ ਵਾਲਿਆਂ ਨੇ ਗੁਰੂ ਜੀ ਦੀ ਵਿਦਵਤਾ ਨੂੰ ਮੰਨਿਆ ਹੈ। ਤਾਰੀਖ਼ ਪੰਜਾਬ, ਕ੍ਰਿਤ ਗੁਲਾਮ ਮੁਹਿਉੱਦੀਨ ਬੂਟੇ ਸ਼ਾਹ, ਨੇ ਗੁਰੂ ਜੀ ਦਾ ਹਿੰਦੀ ਤੇ ਫਾਰਸੀ ਇਲਮ ਤੋਂ ਵਾਕਫ਼ ਹੋਣਾ ਮੰਨਿਆ ਹੈ। ‘ਚਹਾਰ ਗੁਲਸ਼ਨ’ ਵਿਚ ਆਉਂਦਾ ਹੈ ਕਿ———

"ਬਿਆਨੇ ਕਮਾਲਾਤਸ਼ ਅਜ਼ ਤਕਰੀਰ ਓ ਤਹਿਰੀਰ ਮੁਸਤਗਨੀ।"
(ਉਸ ਦੇ ਕਮਾਲਾਂ ਦਾ ਬਿਆਨ ਬੋਲਣ ਤੇ ਲਿਖਣ ਤੋਂ ਬਾਹਰ ਹੈ)।

੧੦੧