ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਨਸ਼ੀ ਸੋਹਣ ਲਾਲ ਦੀ ਲਿਖੀ ਹੋਈ ਕਿਤਾਬ ‘ਉਮਦਤੁਤ ਤਵਾਰੀਖ਼' ਵਿਚ ਲਿਖਿਆ ਹੈ ਕਿ———

"ਅਜ਼ ਇਸ਼ਾਰਾਤ ਦਾ ਕਨਾਯਾਤ ਇਲਮੇ ਫ਼ਾਰਸੀ ਨੇਕੋ ਮਤਲਾ।"


ਉਸ ਦੇ ਇਸ਼ਾਰਿਆਂ ਅਤੇ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਫ਼ਾਰਸੀ ਦਾ ਇਲਮ ਚੰਗੀ ਤਰ੍ਹਾਂ ਆਉਂਦਾ ਸੀ।
ਮੌਲਵੀ ਗੁਲਾਮ ਅਲੀ (ਫ਼ਰੁੱਖਸੀਅਰ ਦਾ ਮੁਨਸ਼ੀ) ਲਿਖਦਾ ਹੈ, ਕਿ "ਗੁਰੂ ਜੀ ਪਾਸ ਇਲਮ ਤੇ ਹੁਨਰ ਜਿਤਨਾ ਨਬੀਆਂ ਪਾਸ ਹੁੰਦਾ ਹੈ, ਪੂਰਾ-ਪੂਰਾ ਸੀ, ਉਹਨਾਂ ਤੋਂ ਵੱਧ ਕਿਸੇ ਹੋਰ ਨੂੰ ਪ੍ਰਾਪਤ ਨਹੀਂ ਹੋਇਆ ਹੈ।"
"ਸੀਅਰੁਲ ਮੁਤਾਖ਼ਰੀਨ" ਵਾਲਾ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਗੁਆਂਢ ਵਿਚ ਮੋਲਵੀ ਸੱਯਦ ਹਸਨ ਸਾਹਿਬ ਬੜੇ ਆਲਮ ਫਾਜ਼ਲ ਰਹਿੰਦੇ ਸਨ, ਅਤੇ ਗੁਰੂ ਜੀ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਪਾਸੋਂ ਗੁਰੂ ਜੀ ਨੇ ਫ਼ਾਰਸੀ ਸਿੱਖੀ।
ਮੈਕਾਲਿਫ਼ ਸਾਹਿਬ ਵੀ ਮੰਨਦਾ ਹੈ ਕਿ ਗੁਰੂ ਜੀ ਨੇ ਫ਼ਾਰਸੀ ਪੜ੍ਹੀ। ਯੋਗ ਸਾਹਿਬ "ਇਨਸਾਈਕਲੋਪੀਡੀਆ ਆਫ਼ ਐਥਿਕਸ" ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਨੌਂ ਵਰੇ ਦੀ ਉਮਰ ਵਿਚ ਫਾਰਸੀ ਪੜ੍ਹੀ। ਵਲਾਇਤ ਵਾਲੀ ਜਨਮ-ਸਾਖੀ ਵਿਚ ਭੀ ਆਉਂਦਾ ਹੈ ਕਿ ਗੁਰੂ ਜੀ ਨੇ ਤੋਰਕੀ ਪੜ੍ਹੀ, ਜਿਸ ਤੋਂ ਭਾਵ ਫ਼ਾਰਸੀ ਹੀ ਹੈ। ਕਨਿੰਘਮ ਆਪਣੀ "ਹਿਸਟਰੀ ਆਫ਼ ਦੀ ਸਿਖਸ" ਵਿਚ ਲਿਖਦਾ ਹੈ ਕਿ "ਸਾਡੇ ਪਾਸ ਇਹ ਯਕੀਨ ਕਰਨ ਲਈ ਕਾਫ਼ੀ ਦਲੀਲਾਂ ਮੌਜੂਦ ਹਨ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਧਰਮਾਂ ਦੀ ਵਾਕਫ਼ੀ ਕਰ ਲਈ ਸੀ ਅਤੇ ਉਨ੍ਹਾਂ ਨੂੰ ਕੁਰਾਨ ਤੇ ਹਿੰਦੂ ਸ਼ਾਸਤਰਾਂ ਦੀ ਭੀ ਆਮ ਵਾਕਫ਼ੀ ਸੀ।"
"ਪੰਥ ਪ੍ਰਕਾਸ਼’’ ਵਾਲਾ ਲਿਖਦਾ ਹੈ ਕਿ ਗੁਰੂ ਜੀ ਨੇ ਸੱਤ ਵਰ੍ਹੇ ਦੀ ਉਮਰ ਵਿਚ ਹਿੰਦੀ ਵਿਚ ਹਿਸਾਬ ਕਿਤਾਬ ਲਿਖਣਾ ਸ਼ੁਰੂ ਕੀਤਾ ਅਤੇ ਨੌਂ ਵਰ੍ਹੇ ਦੀ ਉਮਰ ਵਿਚ ਸੰਸਕ੍ਰਿਤ ਪੜ੍ਹਨੀ ਅਰੰਭੀ।
ਉਨੀ ਦਿਨੀਂ ਪੰਜਾਬ ਵਿਚ ਜੋ ਵਿਦਿਆ ਦਾ ਪ੍ਰਬੰਧ ਸੀ, ਉਹ ਗੁਰੂ ਜੀ ਨੇ ਚੰਗੀ ਤਰ੍ਹਾਂ ਵਰਤਿਆ। ਪਿੰਡਾਂ ਵਿਚ ਹਿੰਦੀ ਟਾਕਰੇ ਪੜ੍ਹਾਣ ਲਈ ਪਾਂਧੇ ਹੁੰਦੇ ਸਨ ਅਤੇ ਫ਼ਾਰਸੀ ਪੜਾਣ ਲਈ ਮੌਲਵੀ। ਇਨ੍ਹਾਂ ਤੋਂ ਵਧ ਕੇ ਜੋ ਕੋਈ ਦੀਨੀ ਇਲਮ ਪੜ੍ਹਨਾ ਚਾਹੇ ਤਾਂ ਲਾਹੌਰ, ਕਸੂਰ, ਪਾਕਪਟਨ ਆਦਿ ਥਾਵਾਂ ਤੇ ਪੀਰਾਂ ਫ਼ਕੀਰਾਂ ਦੇ

੧੦੨