ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਸੇ ਤਰ੍ਹਾਂ ਗੁਰੂ ਜੀ ਦੀ ਬਾਣੀ ਵਿਚ ਮੁਸਲਮਾਨਾਂ ਦੀਆਂ ਪੁਸਤਕਾਂ ਵਿਚ ਦਿੱਤੀਆਂ ਗੱਲਾਂ ਅਤੇ ਉਹਨਾਂ ਦੇ ਧਾਰਮਿਕ ਅਸੂਲਾਂ ਵੱਲ ਇਸ਼ਾਰੇ ਹਨ ਜਿਨ੍ਹਾਂ ਨੂੰ ਵਿਚਾਰ ਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਨੂੰ ਉਨ੍ਹਾਂ ਦੇ ਘਰ ਦੀ ਭੀ ਪੂਰੀ-ਪੂਰੀ ਵਾਕਫੀ ਸੀ।
ਕਈ ਸਜਣਾਂ ਨੇ ਆਸਾ ਤੇ ਤਿਲੰਗ ਰਾਗ ਵਾਲੇ ਫਾਰਸੀ-ਨੁਮਾ ਸ਼ਬਦਾਂ ਨੂੰ ਲੈ ਕੇ ਉਟੰਕਨ ਕੀਤੀ ਹੈ ਕਿ ਗੁਰੂ ਜੀ ਦੀ ਫਾਰਸੀ ਕੂਣ-ਕਸਰ ਵਾਲੀ ਸੀ।
‘ਬਦਬਖ਼ਤ ਹਮ ਚੁ ਬਖ਼ੀ ਲਗਾਫ਼ਲ ਬੇ ਨਜ਼ਰ ਬੇਬਾਕ।
ਨਾਨਕ ਬੁਗੋਯਦ ਜਨ ਤੁਰਾ ਤੇਰੇ ਚਾਕਰਾ ਪੈ ਖ਼ਾਕ।"
ਕਹਿਦੇ ਹਨ ਕਿ ਇਹ ਫਾਰਸੀ ਠੀਕ ਨਹੀਂ। ਹਾਂ ਜੇ ਇਸ ਨੂੰ ਫ਼ਾਰਸੀ ਕਰਕੇ ਲਈਏ ਤਾਂ ਤੇ ਮੁਹਾਵਰਾ ਰਲਾ ਮਿਲਾ ਹੋਣ ਕਰਕੇ ਠੀਕ ਨਹੀਂ। ਪਰ ਅਸਲ ਵਿਚ ਇਹ ਸ਼ਬਦ ਫ਼ਾਰਸੀ ਵਿਚ ਨਹੀਂ। ਇਹ ਤਾਂ ਉਸ ਮਿਲਵੀਂ ਜਿਹੀ ਬੋਲੀ ਵਿਚ ਹਨ ਜੋ ਗੁਰੂ ਜੀ ਦੇ ਵੇਲੇ ਹਿੰਦੁਸਤਾਨੀ ਮੁਸਲਮਾਨਾਂ ਦੀ ਪ੍ਰਚਲਤ ਬੋਲੀ (ਵਰਨੈਕੁਲਰ) ਬਣ ਰਹੀ ਸੀ। ਉਰਦੂ ਅਜੇ ਬਣਿਆ ਨਹੀਂ ਸੀ। ਇਸ ਲਈ ਫਾਰਸੀ ਜਾਨਣ ਵਾਲੇ ਮੁਸਲਮਾਨ ਲੋਕ ਕੁਝ ਹਿੰਦੀ ਦੇ ਲਫ਼ਜ ਰਲਾ ਕੇ ਇਕ ਖਿਚੜੀ ਜਿਹੀ ਬਣਾ ਲੈਂਦੇ ਸਨ ਜਿਸ ਨੂੰ ‘ਰੇਖ਼ਤਾ' ਕਹਿੰਦੇ ਸਨ। ਇਹੋ ਬੋਲੀ ਹੁੰਦੇ-ਹੁੰਦੇ ਜਹਾਂਗੀਰ, ਸ਼ਾਹ ਜਹਾਨ ਦੇ ਵੇਲੇ ਉਰਦੂ ਦਾ ਬਣੀ। ਇਸ ਰਲ-ਗਡ ਜੇਹੀ ਬੋਲੀ ਦੇ ਨਮੂਨੇ ਕਵੀ ਚਾਂਦ ਦੇ "ਪ੍ਰਿਥੀ ਰਾਜ ਰਾਸੋ" ਵਿਚ ਤੇ ਉਸ ਵੇਲੇ ਦੀਆਂ ਹੋਰਨਾਂ ਪੁਸਤਕਾਂ ਵਿਚ ਭੀ ਮਿਲਦੇ ਹਨ। ਸੋ ਇਨ੍ਹਾਂ ਸ਼ਬਦਾਂ ਨੂੰ ਗੁਰੂ ਸਾਹਿਬ ਦੀ ਫ਼ਾਰਸੀ ਦਾ ਨਮੂਨਾ ਨਹੀਂ ਸਮਝਣਾ ਚਾਹੀਦਾ, ਸਗੋਂ ਉਸ ਵਕਤ ਬਣ ਰਹੀ ਇਕ ਨਵੀਂ ਬੋਲੀ ਦਾ ਨਮੂਨਾ ਸਮਝਣਾ ਚਾਹੀਦਾ ਹੈ। ਗੁਰੂ ਜੀ ਨੇ
ਜਿਥੇ ਹਿੰਦੂਆਂ ਮੁਸਲਮਾਨਾਂ ਦੇ ਰਾਗਾਂ ਨੂੰ ਮਿਲਾਇਆ ਹੈ (ਮਸਲਨ ਤਿਲੰਗ ਤੇ ਆਸਾ), ਉਥੇ ਉਨ੍ਹਾਂ ਦੋਹਾਂ ਕੌਮਾਂ ਦੀਆਂ ਬੋਲੀਆਂ ਨੂੰ ਭੀ ਮਿਲਾ ਕੇ ਵਰਤਿਆ ਹੈ।
ਗੁਰਮੁਖੀ ਵਰਣਮਾਲਾ ਭੀ ਗੁਰੂ ਨਾਨਕ ਜੀ ਨੇ ਬਣਾਈ, ਭਾਵੇਂ ਇਸ ਦੀ ਬਾਹਲੀ ਵਰਤੋਂ ਗੁਰਬਾਣੀ ਲਿਖਣ ਵਿਚ ਗੁਰੂ ਅੰਗਦ ਜੀ ਨੇ ਕੀਤੀ! ਦੇਖੋ ਪੱਟੀ ਆਸਾ। ਇਸ ਵਿਚ ਗੁਰਮੁਖੀ ਦੇ ੩੫ ਅੱਖਰ ਲਏ ਹਨ ਅਤੇ ਇਸ ਵਿਚ ਗੁਰਮੁਖੀ ਦਾ ਖਾਸ ਅੱਖਰ 'ੜ’ ਭੀ ਆਉਂਦਾ ਹੈ, ਇਸ ਤੋਂ ਮਲੂਮ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਗੁਰਮੁਖੀ ਪੈਂਤੀ ਦਾ ਪਤਾ ਸੀ।

੧੦੫