ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਿਆ ਖ਼ਿਆਲ ਪਰਗਟ ਕੀਤਾ ਸੀ ਕਿ "ਪੰਜਾਬੀ ਫੌਜਾਂ ਨੇ ਜੋ ਹਿੰਦੁਸਤਾਨ, ਚੀਨ, ਅਫਰੀਕਾ, ਮਿਸਰ ਅਤੇ ਕਾਬਲ ਦੀਆਂ ਮੁਹਿੰਮਾਂ ਜਿੱਤੀਆਂ ਹਨ, ਉਨ੍ਹਾਂ ਦਾ ਸਿਹਰਾ ਬਹੁਤ ਕਰਕੇ ਸਿੱਖਾਂ ਦੇ ਸਿਰ ਹੀ ਹੈ ਅਤੇ ਸਰਕਾਰ ਬਰਤਾਨੀਆਂ ਉਨ੍ਹਾਂ ਦਾ ਬਹੁਤ ਅਹਿਸਾਨ ਮੰਨਦੀ ਹੈ।"

ਸਿੱਖ ਭੀ ਆਪਣੇ ਵਲੋਂ ਇਸ ਹਮਦਰਦੀ ਦੀ ਚੋਖੀ ਕਦਰ ਕਰਦੇ ਸਨ। ਜਦ ੨੨ ਅਕਤੂਬਰ ੧੮੯੩ ਨੂੰ ਖਾਲਸਾ ਕਾਲਜ ਦੀ ਆਰੰਭਕ ਰਸਮ ਅਦਾ ਕੀਤੀ ਗਈ ਤਾਂ ਕਾਲਜ ਦੇ ਸਕੱਤਰ ਸਾਹਿਬ ਨੇ ਕਾਲਜ ਕੌਂਸਲ ਦੇ ਅੰਗਰੇਜ਼ ਮੈਂਬਰਾਂ ਦੀ ਸਹਾਇਤਾ ਵੱਲ ਧਿਆਨ ਦੁਆਦਿਆਂ ਹੋਇਆਂ ਆਖਿਆ: "ਇਹ ਸੱਜਣ ਜਿਹੜੀ ਮਦਦ ਸਾਨੂੰ ਦੇ ਰਹੇ ਹਨ, ਉਹ ਨਿਰੋਲ ਉਪਕਾਰ ਤੇ ਮਿੱਤਰਤਾ ਵਾਲੀ ਹੈ, ਇਸ ਲਈ ਅਸੀਂ ਇਨ੍ਹਾਂ ਦੇ ਅਤੀ ਧੰਨਵਾਦੀ ਹਾਂ।"

ਕਾਲਜ ਦੇ ਬਣਾਣ ਅਤੇ ਪ੍ਰਬੰਧ ਕਰਨ ਵਿਚ ਕਰਨੈਲ ਹਾਲਰਾਇਡ ਡਾਇਰੈਕਟਰ ਵਿਦਿਅਕ ਮਹਿਕਮੇ ਦਾ), ਮਿ: ਜੇ. ਸਾਈਮ (ਇਕ ਹੋਰ ਡੀ. ਪੀ. ਆਈ.), ਸਰ ਵਿਲੀਅਮ ਰੈਟੀਗਨ (ਜਿਨ੍ਹਾਂ ਦੇ ਨਾਂ ਉਤੇ ਕਾਲਜ ਦੀ ਡਿਸਪੈਂਸਰੀ ਬਣੀ ਹੋਈ ਹੈ), ਮਿ: ਡਬਲਯੂ ਬੈੱਲ (ਪ੍ਰਿੰਸੀਪਲ ਗਵਰਨਮਿੰਟ ਕਾਲਜ) ਅਤੇ ਹੋਰ ਕਈ ਅੰਗਰੇਜ਼ ਅਫ਼ਸਰ ਸਿੱਖਾਂ ਦੇ ਨਾਲ ਮਿਲ ਕੇ ਕੰਮ ਕਰਦੇ ਹਨ। ਇਨ੍ਹਾਂ ਨੂੰ ਸਿੱਖਾਂ ਨੇ ਆਪਣੀ ਮਰਜ਼ੀ ਨਾਲ ਪ੍ਰਬੰਧ ਵਿਚ ਸ਼ਾਮਲ ਕੀਤਾ ਹੋਇਆ ਸੀ ਅਤੇ ਉਹ ਭੀ ਆਪਣਾ ਦਾਬਾ ਕਾਇਮ ਕਰਨ ਲਈ ਨਹੀਂ, ਸਗੋਂ ਨਿਰੋਲ ਮਦਦ ਦੇਣ ਲਈ ਸਿੱਖਾਂ ਨਾਲ ਮੋਢਾ ਚਾਹੁੰਦੇ ਸਨ।

ਪਹਿਲੇ ਪਹਿਲੇ ਖ਼ਿਆਲ ਸੀ ਕਿ ਕਾਲਜ ਲਾਹੌਰ ਵਿਚ ਬਣਾਇਆ ਜਾਵੇ। ਖਾਲਸਾ ਦੀਵਾਨ ਵਾਲੇ ਜਿਨ੍ਹਾਂ ਦਾ ਡੇਰਾ ਲਾਹੌਰ ਵਿਚ ਸੀ, ਇਹੋ ਚਾਹੁੰਦੇ ਸਨ। ਸਰਕਾਰ ਭੀ ਇਹੋ ਸਲਾਹ ਦਿੰਦੀ ਸੀ। ਲਾਟ ਸਾਹਿਬ ਕਹਿੰਦਾ ਸੀ ਕਿ ਲਾਹੌਰ ਵਿਦਿਆ ਤੇ ਸਮਾਜਕ ਉੱਨਤੀ ਦਾ ਕੇਂਦਰ ਹੈ। ਜੇ ਤੁਸੀਂ ਕਾਲਜ ਇਥੇ ਨਾ ਬਣਾਇਆ ਤਾਂ ਪੜ੍ਹਾਈ ਵਲੋਂ "ਊਤ ਦੇ ਊਤ ਹੀ ਰਹੋਗੇ?" ਪਰ ਅੰਮ੍ਰਿਤਸਰ ਵਾਲੇ ਸੱਜਣ ਜ਼ੋਰ ਦਿੰਦੇ ਸਨ ਕਿ ਕਾਲਜ ਅੰਮ੍ਰਿਤਸਰ ਵਿਚ ਬਣੇ। ਬਹੁਤ ਚਿਰ ਇਸੇ ਗੱਲ ਉਤੇ ਝਗੜਾ ਰਿਹਾ ਅਤੇ ਫੈਸਲਾ ਅੰਮ੍ਰਿਤਸਰ ਦੇ ਹੱਕ ਵਿਚ ਹੋਇਆ।

ਹੁਣ ਵਿਚਾਰ ਹੋਈ ਕਿ ਕਾਲਜ ਲਈ ਥਾਂ ਕਿਹੜੀ ਚੁਣੀ ਜਾਵੇ। ਪਹਿਲਾਂ

੧੦੭