ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਯੂਨੀਵਰਸਿਟੀ ਦੀ ਨੀਂਹ ਰੱਖੇ ਪਰ ੧੯੨੦ ਵਿਚ ਅਕਾਲੀ ਤਹਿਰੀਕ ਦੇ ਚਲਣ ਨਾਲ ਸਿਖਾਂ ਦੀ ਰੁਚੀ ਕਿਸੇ ਹੋਰ ਪਾਸੇ ਖਿਚੀ ਗਈ ਅਤੇ ਇਹ ਕੰਮ ਸਿਰੇ ਨਾ ਚੜ੍ਹ ਸਕਿਆ। ਹਾਂ ਇਸ ਹੱਲੇ ਵਿਚ ਕਾਲਜ ਦਾ ਪ੍ਰਬੰਧ ਸਿਖਾਂ ਦੇ ਹੱਥ ਆ ਗਿਆ।

ਮੁਲਕ ਵਿਚ ਨਾ-ਮਿਲਵਰਤਣ ਦੀ ਲਹਿਰ ਜ਼ੋਰਾਂ ਤੇ ਸੀ। ਖਾਸ ਕਰ ਕੇ ਲੋਕੀਂ ਵਿਦਿਅਕ ਆਸ਼ਰਮਾਂ ਦਾ ਪ੍ਰਬੰਧ ਸਰਕਾਰੀ ਮਹਿਕਮੇ ਅਤੇ ਯੂਨੀਵਰਸਿਟੀ ਨਾਲੋਂ ਤੋੜ ਲੈਣ ਉਤੇ ਜ਼ੋਰ ਦੇ ਰਹੇ ਸਨ। ਮਹਾਤਮਾ ਗਾਂਧੀ ਪੰਜਾਬ ਦਾ ਦੌਰਾ ਕਰ ਰਿਹਾ ਸੀ। ਉਹ ਅੰਮ੍ਰਿਤਸਰ ਵੀ ਆਇਆ। ਸਭ ਨੂੰ ਡਰ ਸੀ ਕਿ ਖਾਲਸਾ ਕਾਲਜ ਵੀ ਇਸੇ ਹੜ੍ਹ ਵਿਚ ਰੁੜ ਜਾਏਗਾ। ਪਰ ਮਿਸਟਰ ਵਾਦਨ ਨੂੰ ਪੱਕੀ ਉਮੈਦ ਸੀ-ਸਿੱਖ ਕੌਮ ਇਸ ਵੇਲੇ ਹੋਸ਼ ਤੋਂ ਕੰਮ ਲਵੇਗੀ। ਉਹ ਮਹਾਤਮਾ ਗਾਂਧੀ ਦੇ ਅਸਰ ਤੋਂ ਨਾ ਡਰਿਆ, ਅਤੇ ਸਟਾਫ ਦੀ ਸਿਆਣਪ, ਵਫ਼ਾਦਾਰੀ ਅਤੇ ਹਮਦਰਦੀ ਉਤੇ ਭਰੋਸਾ ਕਰਦਿਆਂ ਮਹਾਤਮਾ ਜੀ ਨੂੰ ਕਾਲਜ ਵਿਚ ਸੱਦ ਕੇ ਵੰਗਾਰਿਆ ਕਿ ਆਓ ਆਪਣੀ ਪੂਰੀ ਵਾਹ ਲਾ ਲਓ। ਮਹਾਤਮਾ ਜੀ ਆਏ ਅਤੇ ਦੁਵੱਲੀ ਖੁਲ੍ਹੀਆਂ ਗੱਲਾਂ ਬਾਤਾਂ ਹੋਈਆਂ।

ਮਿ ਵਾਦਨ: "ਮਹਾਤਮਾ ਜੀ! ਤੁਸੀਂ ਖਾਲਸਾ ਕਾਲਜ ਨੂੰ ਤੋੜਨ ਆਏ ਹੋ?

ਮਹਾਤਮਾ: "ਹਾਂ, ਮੈਂ ਇਸ ਨੂੰ ਤੋੜਨ ਆਇਆ ਹਾਂ।"

ਮਿ ਵਾਦਨ ਉਸ ਨੂੰ ਬਾਹੋਂ ਫੜ ਕੇ ਖੁੱਲ੍ਹੀ ਥਾਂ ਤੇ ਲੈ ਗਿਆ ਅਤੇ ਕਾਲਜ ਦੀ ਆਲੀਸ਼ਾਨ ਇਮਾਰਤ ਵੱਲ ਇਸ਼ਾਰਾ ਕਰ ਕੇ ਕਿਹਾ: "ਮਹਾਤਮਾ ਜੀ! ਇਹ ਕਾਲਜ ਸਿੱਖਾਂ ਦੇ ਖੂਨ ਦਾ ਬਣਿਆ ਹੈ। ਇਹ ਸਿੱਖਾਂ ਦੇ ਪਿਆਰ ਤੇ ਕੁਰਬਾਨੀ ਦਾ ਨਮੂਨਾ ਹੈ। ਕੀ ਤੁਹਾਡਾ ਜੀ ਕਰਦਾ ਹੈ ਕਿ ਏਹੋ ਜਿਹੇ ਮਹਾਨ ਆਸ਼ਰਮ ਨੂੰ ਨੁਕਸਾਨ ਪੁਚਾਓ? ਮਹਾਤਮਾਂ ਜੀ! ਤੁਸੀਂ ਇਸ ਆਸ਼ਰਮ ਦਾ ਕੀ ਸੰਵਾਰਿਆ ਹੈ, ਇਸ ਦੀ ਕੀ ਸੇਵਾ ਕੀਤੀ ਹੈ ਕਿ ਇਸ ਨੂੰ ਤੋੜਨ ਦਾ ਹੀਆ ਕਰੋ? ਤੁਸੀਂ ਤੇ ਮੈਂ ਇਹ ਸਾਰੇ ਲੋਕ ਇਸ ਦੀ ਮਹਾਨਤਾ ਦੇ ਸਾਹਮਣੇ ਤੁਛ ਹਨ। ਅਸੀਂ ਤੁਸੀਂ ਇਸ ਦਾ ਕੁਝ ਨਹੀਂ ਵਿਗਾੜ ਸਕਦੇ। ਅਸੀਂ ਮਿਟ ਜਾਵਾਂਗੇ, ਪਰ ਇਹ ਕਾਇਮ ਰਹੇਗਾ।

੧੧੨