ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ ਜ਼ਮਾਨੇ ਦੀ ਹਵਾ ਲੱਗਣ ਨਾਲ ਜਿਥੇ ਪ੍ਰਬੰਧ ਨਿਰੋਲ ਸਿੱਖਾਂ ਦਾ ਹੋ ਗਿਆ ਉਥੇ ਕੁਝ ਮੁੱਦੇ ਪਿੱਛੋਂ ਕਾਲਜ ਦਾ ਪ੍ਰਿੰਸੀਪਲ ਭੀ ਸਿੱਖ ਮੁਕੱਰਰ ਹੋਣ ਲੱਗਾ। ਸਰਦਾਰ ਬਹਾਦਰ ਬਿਸ਼ਨ ਸਿੰਘ ਜੀ ਅਤੇ ਸਰਦਾਰ ਜੋਧ ਸਿੰਘ ਜੀ ਦੀ ਪ੍ਰਿੰਸੀਪਲੀ ਦੇ ਸਮੇਂ ਕਾਲਜ ਨੇ ਕਈ ਪਾਸਿਆਂ ਤੋਂ ਚੋਖੀ ਉੱਨਤੀ ਕੀਤੀ | ਇਨ੍ਹਾਂ ਦੇ ਅਥਕ ਜਤਨਾਂ ਦੇ ਸਦਕੇ, ਬਾਵਜੂਦ ਸ਼ਹਿਰ ਵਿਚ ਦੋ ਹੋਰ ਕਾਲਜ ਅਤੇ ਸੂਬੇ ਭਰ ਵਿਚ ਕਈ ਨਵੇਂ ਕਾਲਜ ਖੁੱਲ੍ਹਣ ਤੇ, ਇਸ ਕਾਲਜ ਨੂੰ ਕੋਈ ਘਾਟਾ ਨਹੀਂ ਵਾਪਰਿਆ। ਸਗੋਂ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਆਈ ਹੈ ਅਤੇ ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀ ਵਧੇਰੀ ਗਿਣਤੀ ਵਿਚ ਦਾਖ਼ਲ ਹੁੰਦੇ ਹਨ।

ਪਹਿਲਾਂ ਪਹਿਲ ਇਥੇ ਕ੍ਰਿਕਟ ਦਾ ਜ਼ੋਰ ਸੀ ਅਤੇ ਇਸ ਦੇ ਮੈਚਾਂ ਦੀ ਧੁੰਮ ਸਾਰੇ ਸੂਬੇ ਵਿਚ ਪਈ ਰਹਿੰਦੀ ਸੀ। ਫੇਰ ਹਾਕੀ ਦੀ ਵਾਰੀ ਆਈ। ਹੁਣ ਫੁੱਟਬਾਲ ਜ਼ੋਰਾਂ ਤੇ ਹੈ। ਖੇਡਾਂ ਦੀਆਂ ਟਰਾਫੀਆਂ ਜਿੱਤਣ ਵਿਚ ਇਹ ਕਾਲਜ ਕਿਸੇ ਤੋਂ ਪਿੱਛੇ ਨਹੀਂ। ਇਮਤਿਹਾਨਾਂ ਦੇ ਨਤੀਜੇ ਭੀ, ਖਾਸ ਕਰਕੇ ਸਾਇੰਸ ਦੀਆਂ ਉੱਚੀਆਂ ਜਮਾਤਾਂ ਦੇ ਬਹੁਤ ਚੰਗੇ ਨਿਕਲਦੇ ਹਨ। ਆਰਟਸ ਵਾਲੇ ਪਾਸੇ ਐਮ. ਏ. ਅੰਗਰੇਜ਼ੀ ਤੱਕ ਪੜਾਈ ਜਾਂਦੀ ਹੈ ਅਤੇ ਸਾਇੰਸ ਵਾਲੇ ਪਾਸੇ ਕਮਿਸਟਰੀ ਦਾ ਐਮ. ਐਸ. ਸੀ. (ਖੋਜ ਪੱਖ) ਅਤੇ ਬਾਤਨੀ; ਫਿਜ਼ਿਕਸ ਅਤੇ ਖੇਤੀ-ਬਾੜੀ ਦੀ ਬੀ. ਐਸ. ਸੀ. ਤੱਕ ਹੈ।

ਸੰਨ ੧੯੩੦ ਤੋਂ ਲੈ ਕੇ ਸਿੱਖ ਇਤਿਹਾਸ ਦੀ ਖੋਜ ਦਾ ਮਹਿਕਮਾ ਜਾਰੀ ਕੀਤਾ ਗਿਆ ਹੈ, ਜਿਸ ਦੇ ਰਾਹੀਂ ਇਤਿਹਾਸਕ ਪੁਸਤਕਾਂ ਦਾ ਭੰਡਾਰ ਇਕੱਠਾ ਕਰਕੇ ਵਡਮੁੱਲੀ ਖੋਜ ਦੀ ਨੀਂਹ ਰੱਖੀ ਜਾ ਰਹੀ ਹੈ।

ਇਸ ਆਸ਼ਰਮ ਵਿਚ ਕਈ ਲੋੜਵੰਦੀਆਂ ਤੇ ਅਰਾਮ ਵਾਲੀਆਂ ਚੀਜ਼ਾਂ ਹਨ ਜਿਹੜੀਆਂ ਇਥੇ ਦਾ ਖਾਸ ਭੂਸ਼ਣ ਹਨ, ਜਿਵੇਂ ਕਿ ਤਾਜ਼ਾ ਪਾਣੀ ਦਾ ਤਲਾਅ, ਖੇਡਾਂ ਲਈ ੨੫ ਗਰਾਉਡਾਂ, ਕਸਰਤ ਲਈ ਜਿਮਨੇਜ਼ੀਅਮ, ਦੁੱਧ ਮੱਖਣ ਲਈ ਡੇਅਰੀ ਫ਼ਾਰਮ, ਬੀਮਾਰਾਂ ਲਈ ਹਸਪਤਾਲ ਜੋ ਕਾਲਜ ਦੇ ਆਪਣੇ ਇਕ ਲਾਇਕ, ਤਜ਼ਰਬੇਕਾਰ ਤੇ ਮਿਹਨਤੀ ਡਾਕਟਰ ਦੇ ਸਪੁਰਦ ਹੈ, ਲੋੜੀਂਦੀਆਂ ਚੀਜ਼ਾਂ ਸਸਤੇ ਭਾਅ ਵੇਚਣ

੧੧੪