ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਊਪੁਣਾ

ਸਾਊ ਉਹ ਹੈ ਜੋ ਸੋਹਣਾ ਵਰਤੇ। ਅੰਗਰੇਜ਼ੀ ਦੇ ਲਫਜ਼ "ਜੈਂਟਲਮੈਨ" ਵਾਂਗ "ਸਾਊ" ਸ਼ਬਦ ਦੇ ਅਰਥ ਭੀ ਬਦਲਦੇ ਆਏ ਹਨ। ਪਹਿਲਾਂ ਪਹਿਲ ਇਹ ਲਫ਼ਜ਼ ਸਮਾਜਕ ਜਾਂ ਖ਼ਾਨਦਾਨੀ ਵਡਿਆਈ ਦਾ ਵਾਚਕ ਸੀ। ਸਾਊ ਜਾਂ ਰਾਠ ਉਹ ਲੋਕ ਹੁੰਦੇ ਸਨ, ਜਿਹੜੇ ਰਾਜੇ ਦੇ "ਸਾਥੀ" ਹੋਣ, ਰਾਜ ਦਰਬਾਰ ਜਾਂ ਜੰਗ ਵਿਚ ਸ਼ਾਮਿਲ ਹੋ ਕੇ ਉਸ ਦਾ ਸਾਥ ਦੇਣ, ਜਿਹੜੇ ਆਮ ਲੋਕਾਂ ਵਾਂਗ ਮਿਹਨਤ ਮਜ਼ੂਰੀ ਕਰ ਕੇ ਪੇਟ ਪਾਲਣ ਦੀਆਂ ਲੋੜਾਂ ਤੋਂ ਉਤੇ ਹੋਣ। "ਨਾਈਆਂ ਦੀ ਜਿੰਦ ਸਭ ਸਾਊ" ਦੇ ਅਖਾਣ ਵਿਚ ਇਸੇ ਵੰਡ ਵੱਲ ਇਸ਼ਾਰਾ ਹੈ। ਸਾਊ ਲੋਕ "ਭੁਈਂ ਨਹੀਂ ਦੇ ਸਾਈਂ" ਹੁੰਦੇ ਸਨ, ਚੰਗਾ ਖਾਂਦੇ ਤੇ ਸੋਹਣਾ ਹੰਢਾਦੇ ਸਨ। ਉਨ੍ਹਾਂ ਦੇ ਜੁੱਸੇ ਮੱਖਣਾਂ ਦੇ ਪਲੇ ਹੋਏ ਸੋਹਣੇ ਸੁਡੌਲ ਤੇ ਤਿੱਖੇ ਹੁੰਦੇ ਸਨ। ਜੇਡਾ ਸਿਰ ਤੇਡੀ ਸਿਰ ਪੀੜਾ ਦਾ ਅਖਾਣ ਦੱਸਦਾ ਹੈ ਕਿ ਸਿਰ ਸਾਊਆਂ ਦੇ ਵੱਡੇ ਹੁੰਦੇ ਸਨ ਅਤੇ ਉਨ੍ਹਾਂ ਉਤੇ ਉੱਨੀਆਂ ਹੀ ਵੱਡੀਆਂ ਪੱਗਾਂ। ਉਹਨਾਂ ਦਾ ਪਰਿਵਾਰ ਠੁਕ ਅਬਰੋ ਵਾਲਾ ਤੇ ਆਪ ਲੋਕਾਂ ਲਈ ਨਮੂਨੇ ਦਾ ਕੰਮ ਦਿੰਦਾ ਸੀ। ਖਾਸ ਕਰਕੇ ਉਨ੍ਹਾਂ ਦੇ ਬੋਲ ਮਿੱਠੇ, ਕੋਮਲ ਤੇ ਸੱਭਿਅਤਾ ਵਾਲੇ ਹੁੰਦੇ ਸਨ। ਉਨ੍ਹਾਂ ਨੂੰ ਮੌਕੇ ਸਿਰ ਪਹਿਲੀ ਗੱਲ ਆਖਣ ਦੀ ਜਾਚ ਆਉਂਦੀ ਸੀ। ਚਾਲ ਢਾਲ ਵਿਚ ਬਿਨਾਂ ਹੈਂਕੜ ਦੇ ਗੰਭੀਰ, ਅਝੱਕ ਹੋਣ ਦੇ ਬਾਵਜ਼ੂਦ ਨਿੰਮੀ ਨਿੰਮੀ ਲੱਜਾ ਵਾਲੇ ਤੇ ਹੋਛੇ ਦਿਖਾਵੇ ਤੋਂ ਬਿਨਾਂ ਉਦਾਰ-ਚਿੱਤ ਤੇ ਮਿੱਤਰਾਨਾ ਸਲੂਕ ਵਾਲੇ ਹੁੰਦੇ ਸਨ। ਆਪਣੀ ਅਣਖ ਉਤੇ ਮਰ ਮਿਟਣਾ, ਬਾਂਹ ਫੜੀ ਦੀ ਲਾਜ ਰੱਖਣੀ, ਬਚਨ ਦਾ ਪੱਕਾ ਹੋਣਾ, ਔਕੜ ਦੇ ਵੇਲੇ ਢੇਰੀ ਨਾ ਢਾਹ ਬਹਿਣਾ, ਬਲਕਿ ਖਿੜੇ ਮੱਥੇ ਹੌਂਸਲੇ ਨਾਲ ਮੁਸੀਬਤ ਦਾ ਟਾਕਰਾ ਕਰਨਾ——ਇਹ ਉਨ੍ਹਾਂ ਦੇ ਗੁਣ ਹੁੰਦੇ ਸਨ। ਇਨ੍ਹਾਂ ਦੇ ਉਲਟ ਅਸਾਊ ਜਾਂ ਕੰਮੀਂ ਲੋਕਾਂ ਦਾ ਖਾਸ ਔਗੁਣ

੧੧੬