ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਹੁੰਦੀ ਸੀ। ਜਿਥੇ ਕੁਝ ਭੀ ਨਾ ਪਤਾ ਹੋਵੇ, ਉਥੇ ਭੀ ਦ੍ਰਿੜ੍ਹ ਕਰਕੇ ਕਹਿਣ ਦੀ ਸਮਰੱਥਾ ਸੀ ਕਿ ਇਹ ਗੱਲ ਇਉਂ ਹੈ ਤੇ ਇਉਂ ਨਹੀਂ। ਜੇ ਸ੍ਰਿਸ਼ਟੀ ਦੀ ਰਚਨਾ ਦਾ ਢਗ ਜਾਂ ਸਮਾਂ ਨਾ ਭੀ ਪਤਾ ਹੋਵੇ, ਤਾਂ ਭੀ ਅਡੋਲ ਹੀ ਕਹਿ ਦਿੰਦੇ ਸਨ ਕਿ ਸ੍ਰਿਸ਼ਟੀ ਇਉਂ ਬਣੀ ਅਤੇ ਇਸ ਨੂੰ ਬਣਿਆਂ ਇਤਨੇ ਅਰਬ, ਇਤਨੇ ਕਰੋੜ, ਇਤਨੇ ਲੱਖ, ਇਤਨੇ ਹਜ਼ਾਰ, ਇਤਨੇ ਸੌ ਤੇ ਇਤਨੇ ਸਾਲ ਹੋਏ ਹਨ। ਬਲਕਿ ਈਸਾਈਆਂ ਦੀ ਪੁਸਤਕ ਵਿਚ ਰਚਨਾ ਦਾ ਸਮਾਂ ਈਸਾ ਤੋਂ ੪੦੦੪ ਸਾਲ ਪਹਿਲੋਂ ਦਸਿਆ ਹੈ। ਕਈ ਤਾਂ ਉਸ ਸੰਨ ਦੇ ੧੧ ਨਵੰਬਰ ਦੇ ੧੧ ਵਜੇ ਦਿਨ ਦੇ ਸ੍ਰਿਸ਼ਟੀ ਰਚਨਾ ਸਮਾਂ ਦਸਦੇ ਹਨ। ਉਨ੍ਹ ਨੂੰ ਇਹ ਗੱਲ ਮੰਨਣ ਤੋਂ ਸੰਗ ਆਉਂਦੀ ਸੀ ਕਿ "ਜਾਂ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।" "ਆਪੁ ਆਪਨੀ ਬੁਧਿ ਹੈ ਜੇਤੀ। ਬਰਨਤ ਭਿੰਨ-ਭਿੰਨ ਤੁਹਿ ਤੇਤੀ। ਤੁਮਰਾ ਲਖਾ ਨ ਜਾਇ ਪਸਾਰਾ। ਕਿਹ ਬਿਧ ਸਜਾ ਪ੍ਰਥਮ ਸੰਸਾਰਾ।"

ਇਸੇ ਤਰ੍ਹਾਂ ਹੁਨਰ ਵਿਚ ਰੰਗਾਂ ਦੀ ਵਰਤੋਂ ਕਰਨ ਲੱਗਿਆਂ ਹਰ ਇਕ ਚੀਜ਼ ਦਾ ਆਪੋ ਆਪਣਾ ਰੰਗ ਬੱਧਾ ਹੋਇਆ ਸੀ। ਮੂੰਹ ਲਾਲ ਜਾਂ ਗੰਦਮੀ, ਵਾਲ ਕਾਲੇ, ਕਪੜੇ ਹਰੇ, ਪੀਲੇ ਜਾਂ ਕਿਸੇ ਹੋਰ ਖਾਸ ਰੰਗ ਦੇ ਚਿਤਰਦੇ ਸਨ। ਰੰਗਾਂ ਦੀ ਮਿਲਾਵਟ ਦਾ ਕੋਈ ਖਿਆਲ ਨਹੀਂ ਸੀ। ਇਹ ਨਹੀਂ ਸੀ ਪਤਾ ਕਿ ਇਕ ਇਕ ਰੰਗ ਹੌਲੀ ਹੌਲੀ ਦੂਜੇ ਰੰਗ ਵਿਚ ਰਲਦਾ ਜਾਂਦਾ ਹੈ। ਸ਼ਾਮ ਦੇ ਵੇਲੇ ਪਹਾੜਾਂ ਦੇ ਰੰਗ ਵਿਚ ਜਿਥੇ ਲਹਿੰਦੇ ਸੂਰਜ ਦੀ ਪੀਲਤੱਣ ਹੈ, ਉਥੇ ਆਉਂਦੀ ਰਾਤ ਦੀ ਕਲੱਤਣ ਤੇ ਪੌਦਿਆਂ ਦੇ ਹਰੇਪਣ ਦੀ ਸਬਜ਼ੀ ਭੀ ਸ਼ਾਮਲ ਹੈ, ਕੁਝ ਕੁਝ ਗਗਨਾਂ ਦੀ ਲੀਲੱਤਣ ਵੀ ਝਲਕਾਰੇ ਮਾਰਦੀ ਹੈ, ਅਤੇ ਧਰਤੀ ਦੀ ਗੁਲਾਬੀ ਭਾਹ ਭੀ ਸ਼ਾਮਲ ਹੈ।

ਇਸੇ ਤਰ੍ਹਾਂ ਫ਼ਲਸਫ਼ੇ ਵਿਚ ਮਨ ਨੂੰ ਚੇਤੰਨ ਅਤੇ ਮਾਦਾ ਨੂੰ ਨਿਰੋਲ ਜੋੜ ਕਰਕੇ ਨਿਖੇੜਿਆ ਹੋਇਆ ਸੀ। ਇਹ ਨਹੀਂ ਸੀ ਪਤਾ ਕਿ ਮਾਦਾ ਵਿਚ ਮਨ ਦੀਆਂ ਕੁਝ ਸ਼ਕਤੀਆਂ ਵਿਆਪਕ ਹਨ, ਅਤੇ ਪ੍ਰਕ੍ਰਿਤੀ ਦੇ ਤੱਤਾਂ ਵਿਚੋਂ ਹੀ ਮਨ ਉਸਰਦਾ ਹੈ, ਭਾਵੇਂ ਇਸ ਉਸਾਰੇ ਦੇ ਉਤਲੇ ਸਿਰੇ ਹਰੀ ਦੀ ਜੋਤ ਨਾਲ ਪ੍ਰਜ੍ਵਲਿਤ ਹੋ ਕੇ ਜੋਤ ਸਰੂਪ ਹੋ ਜਾਂਦੇ ਹਨ। ਇਸੇ ਲਈ ਜਿਥੇ ਇਹ ਕਿਹਾ ਹੈ ਕਿ "ਮਨ ਤੂੰ ਜੋਤਿ ਸਰੂਪ ਹੈ" (ਆਸਾ ਮਃ ੩), ਉਥੇ ਮਨ ਬਾਬਤ ਇਹ ਭੀ ਕਿਹਾ ਜਾਂਦਾ ਹੈ:

੧੦