ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਥੇ ਕਈ ਤਰ੍ਹਾਂ ਦੀ ਸੌਖੀ ਤੇ ਗੁਸਤਾਖੀ ਵਧਾ ਦਿੱਤੀ ਹੈ ਜਿਸ ਨਾਲ ਸਾਊਪਣਾ ਕਾਇਮ ਨਹੀਂ ਰਹਿੰਦਾ। ਮਸਲਨ, ਕਈਆਂ ਲੋਕਾਂ ਨੂੰ ਖਿਆਲ ਹੋ ਗਿਆ ਹੈ ਕਿ ਪੂਰੀ-ਪੂਰੀ ਸਮਾਨਤਾ ਤਦੇ ਹੋ ਸਕਦੀ ਹੈ ਜੇ ਉਮਰ, ਅਕਲ ਤੇ ਪਦਵੀ ਦੀ ਵਡਿਆਈ ਦਾ ਲਿਹਾਜ਼ ਛੱਡ ਕੇ ਸਭ ਨੂੰ ਇਕੋ ਜਿਹਾ ਠੁਠ ਦਿਖਾਇਆ ਜਾਵੇ। ਹੋ ਸਕਦਾ ਹੈ ਕਿ ਸਾਡੇ ਮਾਪੇ ਪੜ੍ਹਾਈ ਵਿਚ ਸਾਥੋਂ ਘਟੀਆ ਹੋਣ, ਪਰ ਇਸ ਕਾਰਣ ਉਨ੍ਹਾਂ ਦੀ ਸਮਝ ਤੇ ਤਜਰਬੇ ਨੂੰ ਹੋਚ ਸਮਝਣਾ ਉਨ੍ਹਾਂ ਦੀ ਨਿਰਾਦਰੀ ਕਰਨਾ ਹੈ। ਸ਼ਰਾਫ਼ਤ ਇਸ ਵਿਚ ਹੈ ਕਿ ਉਨ੍ਹਾਂ ਦੀ ਪਦਵੀ ਦਾ ਅਦਬ ਕਰਦੇ ਹੋਏ ਉਨ੍ਹਾਂ ਦੀਆਂ ਦਲੀਲਾਂ ਨੂੰ ਧੀਰਜ ਨਾਲ ਸੁਣੀਏ ਤੇ ਜੇ ਗਲਤ ਭੀ ਹੋਣ ਤਾਂ ਭੀ ਪਿਆਰ ਵਾਲੇ ਹਾਸੇ ਨਾਲ ਟਾਲ ਦਈਏ ਅਤੇ ਆਪਣੀ ਜਿੱਤ ਦਾ ਦਿਖਾਵਾ ਨਾ ਕਰੀਏ। ਉਸਤਾਦਾਂ ਤੇ ਸ਼ਗਿਰਦ ਦਾ ਸੰਬੰਧ ਵੀ ਇਕ ਪਿਆਰ ਤੇ ਆਦਰ ਵਾਲਾ ਸੰਬੰਧ ਹੈ। ਸਮਾਨਤਾ ਦੇ ਖਿਆਲ ਨਾਲ ਕਈ ਵਾਰੀ ਵਿਦਿਆਰਥੀਆਂ ਨੂੰ ਇਹ ਤੌਖਲਾ ਹੋ ਜਾਂਦਾ ਹੈ ਕਿ ਕਾਲਜ ਵੀ ਕਾਰਖਾਨਿਆਂ ਵਾਕਰ ਹੁੰਦੇ ਹਨ, ਜਿਨ੍ਹਾਂ ਵਿਚ ਮੁੰਡੇ ਮਜ਼ਦੂਰਾਂ ਵਾਕਰ ਕੰਮ ਕਰਦੇ ਹਨ, ਜਾਂ ਇਉਂ ਕਹੋ ਕਿ ਮੁੰਡੇ ਫੀਸ ਦੀ ਸ਼ਕਲ ਵਿਚ ਮਜ਼ੂਰੀ ਦੇਂਦੇ ਹਨ ਤੇ ਪ੍ਰੋਫੈਸਰ ਪੈਸੇ ਲੈ ਕੇ ਪੜ੍ਹਾਈ ਕਰਾਉਂਦੇ ਹਨ। ਜਦ ਭੀ ਪ੍ਰਫ਼ੈਸਰਾਂ ਜਾਂ ਪ੍ਰਬੰਧਕਾਂ ਨਾਲ ਵਿਦਿਆਰਥੀਆਂ ਦਾ ਵਖੇਵਾ ਹੋਇਆ ਝਟ ਹੜਤਾਲ ਦੇ ਰਾਹੋਂ ਉਨ੍ਹਾਂ ਉਤੇ ਦਾਬਾ ਪਾ ਕੇ ਆਪਣੀਆਂ ਸ਼ਰਤਾਂ ਮੰਨਵਾ ਲਈਆਂ। ਕਈ ਵਾਰੀ ਵਿਦਿਆਰਥੀ ਕਾਲਜ ਨੂੰ ਕਲੱਬ ਜਾਂ ਸਭਾ ਮੰਨ ਕੇ ਸਾਰੇ ਫੈਸਲੇ ਆਪਣੀਆਂ ਰਾਵਾਂ ਦੀ ਬਹੁ ਸੰਮਤੀ ਨਾਲ ਮਨਵਾਣਾ ਚਾਹੁੰਦੇ ਹਨ। ਯਾਦ ਰਖਣਾ ਚਾਹੀਦਾ ਹੈ ਕਿ ਕਾਲਜ ਸਭਾ (association) ਨਹੀਂ, ਆਸ਼ਰਮ (institution) ਹੁੰਦਾ ਹੈ। ਜਿਵੇਂ ਘਰ ਵਿਚ ਮਾਪਿਆਂ ਨੂੰ ਬਾਲ ਦੀ ਕਦਰ ਕਰਨੀ ਚਾਹੀਦੀ ਹੈ, ਬਲਕਿ ਰਾਇ ਬਣਾਣ ਤੇ ਉਸ ਨੂੰ ਮਨਾਣ ਦੀ ਜਾਚ ਸਿਖਲਾਣੀ ਚਾਹੀਦੀ ਹੈ, ਪਰ ਅੰਤਮ ਫੈਸਲਾ ਮਾਪਿਆਂ ਦੇ ਹੱਥ ਹੋਣਾ ਚਾਹੀਦਾ ਹੈ ਨਾਕਿ ਸਾਰੇ ਟੱਬਰ ਦੀ ਬਹੁ-ਸੰਮਤੀ ਉਤੇ। ਇਸੇ ਤਰ੍ਹਾਂ ਵਿਦਿਅਕ ਆਸ਼ਰਮਾਂ ਵਿਚ ਪ੍ਰਬੰਧਕਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਸੁਤੰਤਰ ਰਾਇ ਬਣਾਣ ਤੇ ਉਸ ਨੂੰ ਯੋਗਤਾ ਦੇ ਆਸਰੇ ਮੰਨਵਾਣ ਦੀ ਜਾਚ ਸਿਖਾਲਣ, ਪਰ ਵਿਦਿਆਰਥੀਆਂ ਨੂੰ ਆਪਣੀਆਂ ਰਾਵਾਂ ਬਹੁਲਤਾ ਜਾਂ ਆਮਦਨੀ ਦੇ ਘਾਟੇ ਦੇ ਡਰਾਵੇ ਦੇ ਜ਼ੋਰ ਨਾਲ ਆਪਣੀ ਈਨ ਮਨਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਭਾ ਤੇ ਆਸ਼ਰਮ ਵਿਚ ਫਰਕ ਇਹੋ ਹੁੰਦਾ ਹੈ ਕਿ ਸਭਾ

੧੧੯