ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਸਾਰੇ ਮੈਂਬਰ ਆਪੋ ਆਪਣੀ ਸੁਤੰਤਰ ਰਾਇ ਰੱਖਦੇ ਹਨ ਤੇ ਉਨ੍ਹਾਂ ਦੇ ਅਧਿਕਾਰ ਬਰਾਬਰ ਹੁੰਦੇ ਹਨ, ਪਰ ਆਸ਼ਰਮ ਵਿਚ ਸਿਖਾਂਦਰੂ ਇਕੱਠੇ ਹੁੰਦੇ ਹਨ ਜਿਨ੍ਹਾਂ ਦੀ ਟਾਏ ਸੁਤੰਤਰ ਬਣ ਰਹੀ ਹੁੰਦੀ ਹੈ, ਪਰ ਪੂਰੀ ਤਰ੍ਹਾਂ ਬਣੀ ਨਹੀਂ ਹੁੰਦੀ ਅਤੇ ਪ੍ਰਬੰਧ ਵਿਚ ਤਾਂ ਉਨ੍ਹਾਂ ਦੇ ਅਧਿਕਾਰ ਦੀ ਥਾਂ ਈ ਨਹੀਂ ਹੁੰਦੀ। ਐਸੀ ਹਾਲਤ ਵਿਚ ਆਪਣੀ ਰਾਇ ਪ੍ਰਬੰਧਕਾਂ ਤਕ ਪੁਚਾਣਾ ਤਾਂ ਫਰਜ਼ ਹੈ, ਪਰ ਉਸਨੂੰ ਨਿਰੀ ਬਹੁਲਤਾ ਦੇ ਆਸਰੇ ਮਨਵਾਣਾ ਠੀਕ ਨਹੀਂ। ਨਾਲੇ ਏਥੇ ਰਿਸ਼ਤਾ ਮਾਲਕ ਤੇ ਮਜ਼ੂਰਾਂ ਵਾਲਾ ਨਹੀਂ ਹੁੰਦਾ, ਬਲਕਿ ਘਰ ਦੇ ਬੰਦਿਆਂ ਵਾਲਾ ਹੁੰਦਾ ਹੈ, ਜਿਨ੍ਹਾਂ ਨੇ ਰਲ ਕੇ ਕੁਝ ਸਿਖਣਾ ਸਿਖਾਣਾ ਹੈ, ਕੁਝ ਬਣਨਾ ਬਣਾਣਾ ਹੈ, ਨਾ ਕਿ ਕੁਝ ਦੇਣਾ ਜਾਂ ਲੈਣਾ।

ਸਾਊਪੁਣਾ ਕੀ ਹੈ? ਮਨੁੱਖਾਂ ਦੀ ਆਪੋ ਵਿਚ ਦੀ ਸੋਹਣੀ ਵਰਤੋਂ। ਇਹ ਮਨ ਦੀ ਇਕ ਹਾਲਤ ਹੁੰਦੀ ਹੈ ਜੋ ਸਦੀਆਂ ਦੀ ਮਿਹਨਤ ਤੇ ਕਈ ਪੀਹੜੀਆਂ ਦੀ ਰਲਵੀਂ ਤੇ ਲਗਾਤਾਰ ਵਰਤੋਂ ਤੋਂ ਪੈਦਾ ਹੁੰਦੀ ਹੈ। ਇਸ ਵਿਚ ਬਹੁਤਾ ਹੱਥ ਖਾਨਦਾਨੀ ਜੀਵਨ ਜਾਂਚ ਜਾਂ ਰੀਤੀ ਦਾ ਹੁੰਦਾ ਹੈ। ਫਿਰ ਉਸ ਵਿਚ ਮਨੁੱਖ ਦੀ ਆਪਣੀ ਸਮਾਜਿਕ ਰਹਿਣੀ ਦੀਆਂ ਸੁੰਦਰਤਾਈਆਂ ਭੀ ਆ ਸ਼ਾਮਲ ਹੁੰਦੀਆਂ ਹਨ।

ਸਾਊ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਕ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ। ਉਹ "ਸਭਨਾ ਮਨ ਮਾਣਿਕ ਠਾਹੁਣ ਮੂਲਿ ਮਚਾਂਗਵਾ" ਵਾਲੇ ਹੁਕਮ ਉਤੇ ਚੱਲਦਾ ਹੈ। ਗੱਲਾਂ ਕਰਦਿਆਂ ਜੇ ਕਿਸੇ ਰਾਇ ਦਾ ਫ਼ਰਕ ਹੋ ਪਵੇ ਤਾਂ ਉਹ ਆਪਣੀ ਰਾਇ ਦੇ ਕੇ ਦੂਜੇ ਦੀ ਵਿਚਾਰ ਗੋਚਰੇ ਛੱਡ ਦਿੰਦਾ ਹੈ। ਮੁੜ ਮੁੜ ਆਪਣੀ ਰਾਇ ਨੂੰ ਦੁਹਰਾ ਕੇ ਕਿਸੇ ਨੂੰ ਤੰਗ ਕਰਨ ਤੋਂ ਸੰਕੋਚ ਕਰਦਾ ਹੈ। ਇਕ ਵਾਰੀ ਆਪਣੀ ਵਿਚਾਰ ਪੇਸ਼ ਕਰ ਕੇ ਦੇਖਦਾ ਹੈ। ਜੇ ਅਗਲਾ ਆਪਣੀ ਰਾਇ ਨੂੰ ਨਹੀਂ ਬਦਲਦਾ ਤਾਂ ਗੱਲ ਨੂੰ ਘਸੀਟਦਾ ਨਹੀਂ, ਸਗੋਂ ਉਥੇ ਹੀ ਛੱਡ ਕੇ ਕਿਸੇ ਹੋਰ ਪਹਿਲੂ ਨੂੰ ਲੈ ਲੈਂਦਾ ਜਾਂ ਗੱਲ ਹੀ ਪਰਤ ਜਾਂਦਾ ਹੈ। ਦਲੀਲ ਵਿਚ ਧੌਂਸ ਜਾਂ ਪਦਵੀ ਦਾ ਦਾਬਾ ਨਹੀਂ ਸਤਾਂਦਾ। ਅਗਲੇ ਨੂੰ ਆਪਣੇ ਨਾਲ ਸਮਝ ਕੇ ਹੌਲੀ ਹੌਲੀ ਠਰੰਮੇ ਨਾਲ ਗੱਲ ਕਰਦਾ, ਬਲਕਿ ਆਪਣੀ ਗੱਲ ਬਿਆਨ ਕਰ ਕੇ ਸਮਝਾਂਦਾ ਹੈ। ਆਪਸ ਵਿਚ ਵਿਚਾਰ ਕਰਦਿਆਂ ਦੂਜੇ ਦੀ ਕਮਜ਼ੋਰੀ ਦਾ ਨਾਜਾਇਜ਼ ਫਾਇਦਾ ਨਹੀਂ ਉਠਾਂਦਾ

੧੨੦