ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਗੋਂ ਉਸ ਦੀ ਦਲੀਲ ਦੇ ਚੰਗੇ ਹਿੱਸੇ ਨੂੰ ਮੰਨ ਕੇ ਤੇ ਪੂਰੀ ਪੂਰੀ ਕਦਰ ਕਰ ਕੇ ਅਗਾਂਹ ਚੱਲਦਾ ਹੈ। ਉਹ ਵਿਰੋਧੀ ਦੇ ਅੰਦਰ ਵੜ ਕੇ ਉਸ ਦੇ ਖ਼ਿਆਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਮਤਾਂ ਉਸ ਨਾਲ ਬੇਇਨਸਾਫੀ ਹੋ ਜਾਏ। ਆਪਣੀ ਬਾਬਤ ਬਹੁਤ ਗੱਲਾਂ ਕਰਨ ਵਾਲਾ ਭੀ ਸਾਊ ਨਹੀਂ ਹੁੰਦਾ, ਕਿਉਂਕਿ ਉਸ ਨੂੰ ਆਪਣੇ ਉਤੇ ਮਾਣ ਹੁੰਦਾ ਹੈ ਤੇ ਦੂਜਿਆਂ ਨੂੰ ਤੁਛ ਸਮਝ ਕੇ ਉਨ੍ਹਾਂ ਦੀ ਗੱਲ ਵਿਚ ਰੁੱਚੀ ਨਹੀਂ ਦੱਸਦਾ। ਸਾਊ ਆਦਮੀ ਕਿਸੇ ਨੂੰ ਗੱਲ ਕਰਦਿਆਂ ਟੋਕਦਾ ਨਹੀਂ। ਜਦ ਤੱਕ ਉਹ ਗੱਲ ਪੂਰੀ ਨਾ ਕਰ ਲਵੇ ਆਪਣੀ ਗੱਲ ਨਹੀਂ ਚਲਾਂਦਾ। ਹੋਰਨਾਂ ਨੂੰ ਧੀਰਜ ਨਾਲ ਸੁਣਨ ਦੀ ਵਾਦੀ ਚੰਗਿਆਂ ਦੀ ਨਿਸ਼ਾਨੀ ਹੈ। ਇਸ ਦੀ ਤਹਿ ਵਿਚ ਇਕ ਨਿਮਰਤਾ ਤੇ ਮਿਠਾਸ ਹੈ ਜੋ ਸਾਰੇ ਗੁਣਾਂ ਦਾ ਤਪ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:———

ਮਿਠਤਿ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ"(ਵਾਰ ਆਸਾ)। ਇਹ ਨਿਮ੍ਰਤਾ ਤੇ ਮਿਠਾਸ ਸਾਰੇ ਬਜ਼ੁਰਗਾਂ ਵਿਚ ਦੇਖੀ ਜਾਂਦੀ ਹੈ। ਸ਼ਾਹਦੀ ਜੀ ਕਹਿੰਦੇ ਹਨ, "ਸਿਆਣਾ ਆਦਮੀ ਹਲੀਮੀ ਵਰਤਦਾ ਹੈ, ਜਿਵੇਂ ਫੁਲ ਨਾਲ ਲੱਦੀ ਹੋਈ ਟਹਿਣੀ ਧਰਤੀ ਵੱਲ ਝੁਕਦੀ ਹੈ।" ਨਿਊਟਨ, ਜੋ ਇੰਗਲਿਸਤਾਨ ਦਾ ਇਕ ਉੱਘਾ ਸਾਇੰਸਦਾਨ ਹੋਇਆ ਹੈ, ਆਪਣੀ ਅਪਾਰ ਵਿਦਿਆ ਦੇ ਬਾਵਜੂਦ ਕਹਿੰਦਾ ਹੈ ਕਿ ਗਿਆਨ ਇਕ ਅਥਾਹ ਸਮੁੰਦਰ ਵਾਕੁਰ ਮੇਰੇ ਸਾਹਮਣੇ ਖਿਲਰਿਆ ਪਿਆ ਹੈ ਤੇ ਮੈਂ ਉਸ ਦੇ ਕੰਢੇ ਇਕ ਇਆਣੇ ਬਾਲ ਵਾਕਰ ਘੋਗੇ ਚੁਣ ਰਿਹਾ ਹਾਂ। ਸੁਕਰਾਤ ਜੋ ਯੂਨਾਨ ਦਾ ਸਭ ਤੋਂ ਸਿਆਣਾ ਫਲਾਸਫ਼ਰ ਹੋਇਆ ਹੈ, ਕਹਿੰਦਾ ਹੈ ਕਿ ਮੈਨੂੰ ਪੜ੍ਹ ਪੜ੍ਹ ਕੇ ਅੰਤ ਇਕੋ ਗੱਲ ਨਿਸ਼ਚੇ ਹੋਈ ਹੈ ਕਿ ਮੈਨੂੰ ਕੁਝ ਨਹੀਂ ਆਉਂਦਾ।

ਇਹ ਨਿਮ੍ਰਤਾ ਸਭ ਤੋਂ ਅਸਰ ਵਾਲੀ ਤੰਦ ਹੁੰਦੀ ਹੈ ਜਦੋਂ "ਹੋਂਦੈ ਤਾਣਿ ਨਿਤਾਣਿਆਂ ਰਹਹਿ ਨਿਮਾਣਨੀਆਂ' ਵਾਲੀ ਹੋਵੇ। ਹਜ਼ਰਤ ਮੁਹੰਮਦ ਨੇ ਸਾਰੀ ਉਮਰ ਵਿਚ ਕਿਸੇ ਨੂੰ "ਸਲਾਮ ਅਲੈਕਮ" ਆਪਣੇ ਤੋਂ ਪਹਿਲਾਂ ਨਹੀਂ ਸੀ ਕਹਿਣ ਦਿੱਤਾ। ਕਈ ਸੱਜਣ ਕੋਸ਼ਿਸ਼ ਕਰਦੇ ਰਹੇ ਕਿ ਸਾਲਾਮ ਕਰਨ ਵਿਚ ਪਹਿਲ ਕਰਨ, ਪਰ ਹੋ ਨ ਸਕੀ। ਇਕ ਵੇਰ ਨਬੀ ਅਪਣੇ ਨੌਕਰ ਨਾਲ ਮਦੀਨੇ ਜਾ ਰਹੇ ਸਨ। ਉਨ੍ਹਾਂ ਪਾਸ ਇਕੋ ਊਠ ਸੀ, ਜਿਸ ਉਤੇ ਵਾਰੋ ਵਾਰੀ ਚੜ੍ਹਦੇ ਸਨ। ਜਦ ਮਦੀਨੇ ਸ਼ਹਿਰ ਵਿਚ ਵੜਨ ਲੱਗੇ ਤਾਂ ਵਾਰੀ ਨੌਕਰ ਦੀ ਸੀ। ਨਬੀ ਨੂੰ ਨੌਕਰ ਨੇ ਕਿਹਾ "ਰਸੂਲ ਕਰੀਮ! ਤੁਸੀਂ ਚੜ੍ਹੋ। ਲੋਕੀਂ ਵੇਖਣਗੇ ਤਾਂ ਕੀ ਕਹਿਣਗੇ?" ਸ਼ਰਾਫਤ ਦੇ ਪੁਤਲੇ

੧੨੧