ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਬੀ ਨੇ ਨਿਹਾ, "ਨਹੀਂ ਤੂੰ ਹੀ ਚੜ੍ਹ। ਮੈਂ ਇਉਂ ਹੀ ਚੰਗਾ ਲਗਦਾ ਹਾਂ।" ਸ਼ਰਾਫਤ ਦੀ ਪਰਖ਼ ਹੀ ਇਹ ਹੈ ਕਿ ਵੱਡੀ ਪਦਵੀ ਵਾਲਾ ਆਹਣੇ ਨੌਕਰਾਂ ਚਾਕਰਾਂ ਜਾਂ ਆਪਣੇ ਹੇਠਾਂ ਕੰਮ ਕਰਨ ਵਾਲਿਆਂ ਨਾਲ ਕਿਵੇਂ ਵਰਤਦਾ ਹੈ। ਗੁਰੂ ਨਾਨਕ ਆਪਣੀ ਇਲਾਹੀ ਵਡਿੱਤਣ ਦੇ ਹੁੰਦਿਆਂ ਆਪਣੇ ਆਪ ਨੂੰ "ਸਗ ਨਾਨਕ", "ਨਾਨਕੁ ਨੀਚੁ", "ਹਮ ਆਦਮੀ ਹਾਂ ਇਕ ਦਮੀ", "ਹਉ ਢਾਢੀ ਵੇਕਾਰ" ਕਹਿੰਦਾ ਹੈ। ਉਹ ਪੈਗੰਬਰਾਂ ਤੇ ਅਵਤਾਰਾਂ ਵਿਚੋਂ ਨਮੂਨੇ ਦਾ ਸਾਊ ਹੋਇਆ ਹੈ, ਜਿਸ ਨੇ ਅਤੁੱਟ ਵਖੇਵੇਂ ਰੱਖਦਿਆਂ ਹੋਇਆਂ ਕਦੀ ਕਿਸੇ ਧਰਮ ਉਤੇ ਸਮੁੱਚੇ ਤੌਰ ਤੇ ਹਮਲਾ ਨਹੀਂ ਕੀਤਾ। ਪਾਪੀਆਂ ਨੂੰ ਭੀ ਰਾਹੇ ਪਾਉਣ ਲੱਗਿਆਂ ਉਨ੍ਹਾਂ ਦੇ ਦਿਲ ਨੂੰ ਠੇਸ ਨਹੀਂ ਲੱਗਣ ਦਿੱਤੀ। ਸੱਜਣ ਠੱਗ ਨੂੰ ਸੁਧਾਰਨ ਲੱਗਿਆਂ (ਦੇਖੋ ਰਾਗ ਸੂਹੀ ਵਿਚ "ਉਜਲ ਕੈਹਾ ਚਿਲਕਣਾ" ਵਾਲਾ ਸ਼ਬਦ) ਉਸ ਨੂੰ ਸਾਊ ਤਰੀਕੇ ਨਾਲ ਸਮਝਾਇਆ ਹੈ ਕਿ ਉਸ ਨੂੰ ਅੰਦਰੋ ਅੰਦਰੀ ਸ਼ਰਮ ਤਾਂ ਪਈ ਆਵੇ, ਪਰ ਬਾਹਰੋਂ ਗੁਰੂ ਜੀ ਦੇ ਸਾਹਮਣੇ ਮੂੰਹ ਕੱਜਣ ਦੀ ਲੋੜ ਨਾ ਪਏ। ਪਹਿਲਾਂ ਉਸ ਦੇ ਨਾਂ ਉਤੇ ਟਕੋਰ ਕਰਦੇ ਹਨ:

"ਸਜਣ ਸੇਈ ਨਾਲਿ ਮੈ ਚਲਦਿਆਂ ਨਾਲ ਚਲੰਨਿ।
ਜਿਥੇ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।"

ਫੇਰ ਬਾਹਰੋਂ ਚਿਤਰੇ ਹੋਏ ਕੱਠਿਆਂ, ਤੀਰਥਾਂ ਉਤੇ ਬੈਠੇ ਬਗਲਿਆਂ, ਉੱਚ ਲੰਮੇ ਸਿੰਮਲ ਰੁੱਖ ਵੱਲ ਇਸ਼ਾਰਾ ਕਰ ਕੇ ਉਸ ਦਾ ਧਿਆਨ ਆਪਣੀ ਦੰਭ ਵਾਲੀ ਜ਼ਿੰਦਗੀ ਵੱਲ ਦੁਆਂਦੇ ਹਨ ਪਰ ਕਿਤੇ ਵੀ ਇਹ ਮਹਿਸੂਸ ਨਹੀਂ ਹੋਣ ਦਿੰਦੇ ਕਿ ਉਹ ਨੀਵਾਂ ਹੈ ਤੇ ਗੁਰੂ ਜੀ ਉਸ ਤੋਂ ਉੱਚੇ ਹਨ। ਬਲਕਿ ਇਹ ਆਖ ਕੇ ਆਪਣੇ ਆਪ ਨੂੰ ਉਸ ਦੇ ਨਾਲ ਸ਼ਾਮਲ ਕਰ ਲੈਂਦੇ ਹਨ:

"ਅੰਧਲੇ ਭਾਰੁ ਉਠਾਇਆ, ਡੂਗਰ ਵਾਟ ਬਹੁਤੁ।
ਅਖੀ ਲੋੜੀ ਨਾ ਲਹਾ, ਹਉ ਚੜਿ ਲੰਘਾ ਕਿਤ?"

ਉਹ ਨਹੀਂ ਕਹਿੰਦਾ ਕਿ ਹੇ ਸੱਜਣਾ! ਤੂੰ ਅੰਨ੍ਹਾਂ ਹੈਂ, ਤੂੰ ਪਾਪਾਂ ਦਾ ਭਾਰ ਸਿਰ ਤੇ ਚੁੱਕਿਆ ਹੋਇਆ ਹੈ। ਨਹੀਂ, ਸਗੋਂ ਆਪਣੇ ਆਪ ਨੂੰ ਕਹਿੰਦੇ ਹਨ ਕਿ ਮੈਂ ਅੰਨ੍ਹਾਂ ਹਾਂ, ਮੈਂ ਸਿਰ ਤੇ ਭਾਰ ਚੁੱਕਿਆ ਹੋਇਆ ਹੈ ਤੇ ਰਸਤਾ ਬਹੁਤ ਪਹਾੜੀ ਹੈ, ਅੱਖਾਂ ਨਾਲ ਟੋਲਦਾ ਹਾਂ ਪਰ ਰਸਤਾ ਲਭਦਾ ਨਹੀਂ, ਮੈਂ ਕਿਵੇਂ ਚੜ੍ਹ ਕੇ ਪਾਰ ਹੋਵਾਂ?

੧੨੨