ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰੀਬ ਦੀ ਸਹਾਇਤਾ ਕਰਦੇ ਹਾਂ ਉਸ ਨੂੰ ਸ਼ਰਮਿੰਦਾ ਕਰ ਕੇ ਉਸ ਦੀ ਮਨੁੱਖਤਾ ਦੀ ਹਤਕ ਕਰਦੇ ਹਾਂ। ਸਾਊ ਮਨੁੱਖ ਨੂੰ ਸ਼ਬਦ-ਭੇਟ ਦਾ ਏਲਾਨ ਕਰਾਂਦਿਆਂ, ਗੁਰਦਵਾਰਿਆਂ ਦੀਆਂ ਚਿੱਟੀਆਂ ਸਿੱਲਾਂ ਉਤੇ ਆਪਣੇ ਢਾਈ ਰੁਪਏ ਦੇ ਦਾਨ ਦਾ ਇਸ਼ਤਿਹਾਰ ਸਦਾ ਲਈ ਉਕਰਵਾਂਦਿਆਂ, ਜਾਂ ਮੁਸਾਫ਼ਰਖਾਨੇ ਲਈ ਚਾਦਰਾਂ ਮੰਜਿਆਂ ਦੇ ਦਾਨ ਦਾ ਅਰਦਾਸੇ ਵਿਚ ਜ਼ਿਕਰ ਕਰਦਿਆਂ ਸ਼ਰਮ ਆਵੇਗੀ। ਸਾਊ ਦਾਨ ਨਹੀਂ ਕਰਦਾ, ਭੇਟ ਕਰਦਾ ਹੈ, ਗ਼ਰੀਬ ਨੂੰ ਆਪਣੇ ਸਾਹਮਣੇ ਹੱਥ ਟੱਡਦਾ ਦੇਖ ਕੇ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਪੀੜਾ ਨੂੰ ਆਪਣੀ ਪੀੜਾ ਸਮਝ ਕੇ ਉਸ ਦੇ ਪਾਸ ਹਾਜ਼ਰ ਹੁੰਦਾ ਹੈ ਤੇ ਜੋ ਕੁਝ ਦਿੰਦਾ ਹੈ ਉਸ ਦੀ ਭੇਟ ਕਰਦਾ ਹੈ. ਨਜ਼ਰ ਚੜ੍ਹਾਉਂਦਾ ਹੈ।

ਯਤੀਮ ਬੱਚਿਆਂ ਨੂੰ ਪੀਲੇ ਪੀਲੇ ਕੋਝੇ ਕੱਪੜੇ ਪਵਾ ਕੇ ਗੱਡੀਆਂ ਵਿਚ ਜਾਂ ਦੀਵਾਨਾਂ ਵਿਚ ਦਾਨ ਮੰਗਣ ਲਈ, ਲਈ ਫਿਰਨਾ ਉਨ੍ਹਾਂ ਦੀ ਇਨਸਾਨੀਅਤ ਦੀ ਦੁਰਗੱਤੀ ਕਰਨੀ ਹੈ। ਉਨ੍ਹਾਂ ਨੂੰ ਇਹ ਖ਼ਿਆਲ ਦੇਣਾ ਕਿ ਉਹ ਲਾਵਾਰਸ ਹਨ, ਉਨ੍ਹਾਂ ਦੇ ਬਾਦਸ਼ਾਹੀ ਦਿਲਾਂ ਨੂੰ ਸਵੈ-ਸਤਿਕਾਰ ਤੋਂ ਵਾਂਝਿਆਂ ਰੱਖਣਾ ਹੈ। ਆਸ਼੍ਰਮ ਦਾ ਨਾਂ ਭੀ ਯਤੀਮਖ਼ਾਨਾ ਕਿਉਂ ਹੋਵੇ? ਓਹ ਯਤੀਮ ਨਿਮਾਣੇ ਕਿਉਂ ਅਖਵਾਣ? ਜੇ ਤੁਸੀਂ ਉਨ੍ਹਾਂ ਦੇ ਮਾਪੇ ਨਹੀਂ ਬਣ ਸਕਦੇ ਤੇ ਉਨ੍ਹਾਂ ਲਈ ਇਕ ਪਿਆਰਾ "ਘਰ", ਉਨ੍ਹਾਂ ਦੀਆਂ ਸਧਰਾਂ ਦਾ ਕੇਂਦਰ ਨਹੀਂ ਬਣ ਸਕਦੇ, ਤਾਂ ਤੁਹਾਡਾ ਕੋਈ ਹੱਕ ਨਹੀਂ ਕਿ ਤੁਸੀਂ ਉਨ੍ਹਾਂ ਦੇ ਪਾਲਣ ਦਾ ਬੀੜਾ ਚੁਕੋ।

ਉਹ ਨੇਕੀ ਨੇਕੀ ਨਹੀਂ ਜਿਸ ਦੇ ਕਰਦਿਆਂ ਕਿਸੇ ਦੀ ਹੇਠੀ ਹੁੰਦੀ ਹੋਵੇ। ਜ਼ਾਤ ਪਾਤ, ਛੂਤ ਛਾਤ, ਸ਼ੁਧੀ ਅਸ਼ੁਧੀ, ਮਜ਼੍ਹਬੀ, ਰਾਮਦਾਸੀਏ ਦੇ ਵਿਤਕਰੇ ਸਾਰੇ ਪਰਸਪਰ ਘ੍ਰਿਣਾ ਤੇ ਅਸਾਊਪੁਣੇ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਨੂੰ ਵੀ ਕਿਸੇ ਸ਼ਕਲ ਵਿਚ ਮੰਨਣਾ ਨਾ ਕੇਵਲ ਭਰਮ ਦੇ ਸਗੋਂ ਸਾਧਾਰਨ ਮਨੁੱਖਤਾ ਦੇ ਉਲਟ ਹੈ।

ਧਾਰਮਕ ਵਖੇਵਿਆਂ ਵਿਚ ਭੀ ਅਸੀਂ ਆਮ ਤੌਰ ਤੇ ਅਸੱਭਿਤਾ ਤੋਂ ਕੰਮ ਲੈਂਦੇ ਹਾਂ। ਆਪੋ ਆਪਣਾ ਮਜ਼੍ਹਬ ਹਰ ਇਕ ਨੂੰ ਪਿਆਰਾ ਹੋਣਾ ਚਾਹੀਦਾ ਹੈ ਅਤੇ ਉਸ ਉਤੇ ਦ੍ਰਿੜ ਹੋਣ ਨਾਲ ਉਸ ਦਾ ਅਸਰ ਜ਼ਿੰਦਗੀ ਵਿਚ ਕੰਮ ਕਰ ਸਕਦਾ ਹੈ। ਮੈਂ ਇਸ ਖੁਲ੍ਹ ਦੇ ਹੱਕ ਵਿਚ ਨਹੀਂ ਕਿ ਆਦਮੀ ਆਪਣਾ ਕੋਈ ਮਜ਼੍ਹਬ ਨਾ ਰਖਦਾ ਹੋਇਆ ਸਾਰਿਆਂ ਮਜ਼੍ਹਬਾਂ ਦਾ ਇਕੋ ਜਿਹਾ ਸ਼ਰਧਾਲੂ ਅਖਵਾਵੇ! ਇਹੋ ਜਿਹਾ। ਆਦਮੀ ਬਮਜ਼੍ਹਬਾ ਹੀ ਹੁੰਦਾ ਹੈ। ਪਰ ਸਾਊਪੁਣਾ ਦੇ ਲਿਹਾਜ਼ ਨਾਲ ਉਹ ਆਦਮੀ

੧੨੪