ਕੇ ਕਹਿਣਾ ਕਿ ਤੂੰ ਆਪਣਾ ਧਰਮ ਛੱਡ ਕੇ ਮੇਰੇ ਧਰਮ ਵਿਚ ਆ ਜਾ, ਨਿਰੀ ਗੁਸਤਾਖੀ ਹੈ। ਏਥੇ ਮੈਨੂੰ ਅੱਜਕੱਲ ਦੇ ਇਕ ਧਰਮੀ ਸਾਊ ਦੀ ਮਿਸਾਲ ਚੇਤੇ ਆਉਂਦੀ ਹੈ। ਭਾਈ ਤਾਰਾ ਸਿੰਘ ਸ਼ਾਹਦਰਾ (ਲਾਹੌਰ) ਦਾ ਵਸਨੀਕ ਸੀ। ਉਸ ਦਾ ਇਕ ਮੁਸਲਮਾਨ ਦੋਸਤ ਮਰਨ ਲਗਿਆਂ ਆਪਣੀ ਤਿੰਨ ਸਾਲ ਦੀ ਛੋਟੀ ਧੀ ਉਸ ਦੇ ਹਵਾਲੇ ਕਰ ਗਿਆ। ਉਸ ਨੇ ਇਸ ਅਮਾਨਤ ਨੂੰ ਚੰਗੀ ਤਰ੍ਹਾਂ ਨਿਬਾਹਿਆ। ਉਸ ਨੇ ਬਾਲੜੀ ਨੂੰ ਧੀਆਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ, ਪਰ ਉਸ ਦੇ ਧਰਮ ਜਾਂ ਨਿਸਚੇ ਵਿਚ ਕਿਸੇ ਤਰ੍ਹਾਂ ਨਾਲ ਦਖ਼ਲ ਨਾ ਦਿੱਤਾ। ਉਹਨੂੰ ਇਕ ਹਾਫ਼ਜ਼ ਰਖ ਕੇ ਕੁਰਾਨ ਮਜੀਦ ਦਾ ਪਾਠ ਪੜ੍ਹਾਇਆ ਤੇ ਸਮਝਾਇਆ ਅਤੇ ਇਕ ਚੰਗੇ ਮੁਸਲਮਾਨ ਵਰਗੀ ਤਾਲੀਮ ਦੁਆਈ। ਜਦ ਵਿਆਹੁਣ ਜੋਗੀ ਹੋਈ ਤਾਂ ਆਪਣੇ ਪਾਸੋਂ ਸਾਰਾ ਖ਼ਰਚ ਕਰ ਕੇ ਇਕ ਚੰਗੇ ਲਾਇਕ ਮੁਸਲਮਾਨ ਨਾਲ ਉਸ ਦਾ ਨਿਕਾਹ ਪੜ੍ਹਵਾ ਦਿੱਤਾ। ਇਹੋ ਜਿਹੀ ਸ਼ਰਾਫ਼ਤ ਦੇ ਨਮੂਨੇ ਮੁਸਲਮਾਨਾਂ, ਹਿੰਦੂਆਂ ਵਿਚ ਵੀ ਮਿਲਦੇ ਹਨ।
ਸ਼ਰਾਫਤ ਦੇ ਹੋਰ ਵੀ ਕਈ ਗੁਣ ਹਨ ਜੋ ਭਾਈਚਾਰੇ ਦੀ ਸੋਹਣੀ ਵਰਤੋਂ ਵਿੱਚ ਸ਼ਾਮਲ ਹਨ। ਸਾਊ ਲੋਕ ਕਿਸੇ ਦੇ ਸਾਮ੍ਹਣੇ ਨੌਕਰਾਂ ਜਾਂ ਬੱਚਿਆਂ ਨੂੰ ਉੱਚੀ-ਉੱਚੀ ਨਹੀਂ ਕੋਸਦੇ, ਨਾ ਹੀ ਘਰ ਦੇ ਝਗੜੇ ਛੇੜ ਬਹਿੰਦੇ ਹਨ। ਪ੍ਰਾਹੁਣੇ ਦੇ ਸਾਮ੍ਹਣੇ ਕਿਸੇ ਨੂੰ ਗੁੱਸੇ ਹੋਣਾ ਪ੍ਰਾਹੁਣੇ ਦੀ ਨਿਰਾਦਰੀ ਕਰਨਾ ਹੈ। ਕਿਸੇ ਦੇ ਮੂੰਹ ਉਤੇ ਉਸ ਦੀ ਸਿਫ਼ਤ ਕਰਨਾ ਉਸ ਨੂੰ ਸ਼ਰਮਿੰਦਾ ਕਰਨਾ ਹੈ। ਇਸ ਲਈ ਇਹ ਕਮੀਨਗੀ ਵਿਚ ਸ਼ਾਮਲ ਹੈ। ਬਿਨਾਂ ਕੰਮ ਦੇ ਕਿਸੇ ਪਾਸ ਬਹਿ ਰਹਿਣਾ, ਲੰਮੀਆਂ ਗੱਲਾਂ ਕਰਕੇ ਵਕਤ ਗੁਆਉਣਾ, ਤੇ ਉਸ ਨੂੰ ਮੁੜ-ਮੁੜ ਘੜੀ ਕੱਢ ਕੇ ਦਿਖਾਉਣਾ ਤੇ ਮਜਬੂਰ ਕਰਨਾ ਚੰਗਾ ਨਹੀਂ | ਜਦ ਕਿਸੇ ਪਾਸੇ ਜਾਈਏ, ਤਾਂ ਜਦ ਤਕ ਉਹ ਆਪੇ ਕੁਰਸੀ ਨਾ ਦਏ ਜਾਂ ਬੈਠਣ ਲਈ ਨਾ ਕਹੇ ਤਦ ਤਕ ਬੈਠਣਾ ਨਹੀਂ ਚਾਹੀਦਾ। (ਕਈ ਤਾਂ ਐਸੇ ਅੜਬ ਜਾਂ ਆਕੜਖਾਨ ਹੁੰਦੇ ਹਨ ਕਿ ਚਿਰਾਂ ਤਾਈਂ ਖੜੇ ਰਹੋ ਤਾਂ ਕੀ ਉਹ ਬਹਿਣ ਲਈ ਨਹੀਂ ਕਹਿੰਦੇ। ਆਪਣੀ ਅਫ਼ਸਰੀ ਇਸੇ ਵਿਚ ਸਮਝਦੇ ਹਨ।) ਆਪਣੇ ਵਤਨੀ ਭਰਾ ਨਾਲ ਆਪਣੀ ਮਾਦਰੀ ਬੋਲੀ ਛੱਡ ਕੇ ਕਿਸੇ ਹੋਰ ਬੋਲੀ ਵਿਚ ਗੱਲ ਬਾਤ ਕਰਨੀ ਇਕ ਤਰ੍ਹਾਂ ਦਾ ਦਿਖਾਵਾ ਹੈ, ਜੋ ਸਾਊ ਆਦਮੀਆਂ ਨੂੰ ਨਹੀਂ ਜਚਦਾ। ਜਦ ਸਭਾ ਲੱਗੀ ਹੋਵੇ, ਤਾਂ ਦੇਰ ਨਾਲ ਆਉਣਾ ਚੰਗਾ ਨਹੀਂ। ਜਦ ਆਓ ਤਾਂ ਖਿਮਾ ਮੰਗ ਕੇ ਬੈਠੋ। ਜਿਹੜਾ ਆਦਮੀ ਗੱਲ ਬਾਤ ਕਰ ਰਿਹਾ ਹੈ, ਉਸ