ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਚਾਹੀਦਾ ਹੈ ਕਿ ਨਵੇਂ ਆਏ ਸੱਜਣ ਲਈ ਜੋ ਕੁਝ ਕਿਹਾ ਜਾ ਚੁੱਕਾ ਹੈ ਜਾਂ ਜੋ ਕੁਝ ਨਜਿਠਿਆ ਜਾ ਚੁਕਾ ਹੈ, ਉਸ ਦਾ ਸਾਰ-ਅੰਸ਼ ਸੁਣਾ ਦੇਵੇ। ਸੁਣਨ ਵਾਲਿਆਂ ਨੂੰ ਉਬਾਸੀਆਂ ਨਹੀਂ ਲੈਣੀਆਂ ਚਾਹੀਦੀਆਂ, ਕਿਉਂਕਿ ਜਿਵੇਂ ਘੜੀ ਦਸਣ ਨਾਲ ਮਿਲਣ ਆਇਆ ਆਦਮੀ ਚਲੇ ਜਾਣ ਤੇ ਮਜ਼ਬੂਰ ਹੁੰਦਾ ਹੈ, ਤਿਵੇਂ ਸਰੋਤਿਆਂ ਨੂੰ ਉਬਾਸੀਆਂ ਲੈਂਦਿਆਂ ਦੇਖ ਕੇ ਲੈਕਚਰਾਰ ਨੂੰ ਆਪਣਾ ਲੈਕਚਰ ਬੰਦ ਕਰਨ ਦੀ ਸੂਚਨਾ ਹੁੰਦੀ ਹੈ। ਜਾਣ ਲਗਿਆਂ ਆਗਿਆ ਲੈ ਕੇ ਬਾਹਰ ਜਾਣਾ ਚਾਹੀਦਾ ਹੈ। ਕਿਸੇ ਦੇ ਅੰਗ ਨੂੰ ਛੋਹਣ ਲਗੋ ਜਾਂ ਕਪੜੇ ਨੂੰ ਪੈਰ ਲੱਗ ਜਾਵੇ ਤਾਂ ਖਿਮਾ ਮੰਗ ਲੈਣੀ ਚਾਹੀਦੀ ਹੈ। ਕਿਸੇ ਨੂੰ ਸਿਰ ਨੰਗੇ ਜਾਂ ਅਧੜ-ਵੰਞੇ ਨਹੀਂ ਮਿਲਣਾ ਚਾਹੀਦਾ। ਜੇ ਸਰੀਰ ਅੱਧ-ਕੱਜਿਆ ਹੋਵੇ ਤਾਂ ਖਿਮਾਂ ਮੰਗ ਲੈਣੀ ਚਾਹੀਦੀ ਹੈ। ਸਭਾ ਸੁਸਾਇਟੀ ਵਿਚ ਬੈਠਣ ਲਗਿਆਂ ਕਮੀਜ਼ ਜਾਂ ਕੋਟ ਦੇ ਬਟਨ ਖੁਲ੍ਹੇ ਨਹੀਂ ਰਖਣੇ ਚਾਹੀਦੇ। ਬਜ਼ਾਰ ਵਿਚ ਜਾਂ ਆਮ ਪਬਲਕ ਥਾਂ ਤੇ ਖਾਣ ਪੀਣ ਲਈ ਮੂੰਹ ਮਾਰਦਾ ਆਦਮੀ ਚੰਗਾ ਨਹੀਂ ਲੱਗਦਾ। ਖਤ ਲਿਖਣ ਵੇਲੇ ਸੋਹਣੀ ਲਿਖਤ ਕਰਨੀ ਚਾਹੀਦੀ ਹੈ। ਛੇਤੀ-ਛੇਤੀ ਜਾਂ ਸ਼ਿਕਸਤਾ ਲਿਖਣਾ ਪੜ੍ਹਣ ਵਾਲੇ ਦੀ ਨਿਰਾਦਰੀ ਕਰਨਾ ਹੈ।

ਸਾਊ ਆਦਮੀ ਲੋਕਾਂ ਨੂੰ ਬਹੁਤ ਨਸੀਹਤਾਂ ਨਹੀਂ ਕਰਦਾ। ਇਹ ਭੀ ਗੁਸਤਾਖੀ ਗਿਣੀ ਜਾਂਦੀ ਹੈ। ਚੰਗਾ ਫਿਰ ਮੈਂ ਭੀ ਇਹ ਗੁਸਤਾਖੀ ਬੰਦ ਕਰਦਾ ਹਾਂ।

੧੨੭