ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲਾਂ ਕਰਦਾ ਹੈ ਤਾਂ ਉਸ ਦਾ ਅੰਦਰਲਾ ਵਧੇਰੇ ਨਿਖਰ ਕੇ, ਸਭ ਸੁਕੜੇਵੇਂ ਤੇ ਦਿਖਾਵੇ ਦੂਰ ਕਰ ਕੇ ਪ੍ਰਤੱਖ ਹੁੰਦਾ ਹੈ। ਉਸ ਵੇਲੇ ਉਸ ਦੀ ਸਾਰੀ ਸ਼ਖਸੀਅਤ ਖਿੜ ਕੇ ਬਾਹਰ ਆਉਂਦੀ ਹੈ। ਇਹ ਸ਼ਖਸ਼ੀਅਤ ਉਸਦੀ ਆਪਣੀ ਹੁੰਦੀ ਹੈ। ਇਸ ਵਿਚ ਕਿਸੇ ਹੋਰ ਦਾ ਰਲਾ ਨਹੀਂ ਹੁੰਦਾ। ਬੋਲੀ ਭੀ ਉਸ ਵੇਲੇ ਸੁਤੰਤਰ, ਨਿਰੋਲ ਅਤੇ ਸਭ ਬਣਾਵਟਾਂ ਤੋਂ ਬਰੀ ਹੁੰਦੀ ਹੈ। ਉਹ ਕਿਸੇ ਉਤੇ ਖਾਸ ਅਸਰ ਪਾਉਣ ਲਈ ‘ਚਰਨਾਬਿੰਦ ਮੁਖਾਰਬਿੰਦ',"ਦੋਹਾਂ ਜਹਾਨਾਂ ਦੇ ਵਾਲੀ', 'ਜਗਤ', 'ਰਖਿਅਕ', ਆਦਿ ਰਸਮੀ, ਇਸਤਲਾਹਾਂ ਵਰਤਣ ਤੇ ਮਜ਼ਬੂਤ ਨਹੀਂ ਹੁੰਦਾ। ਉਹ ‘ਸੀਤਲ ਜਲ ਛਕਦੇ ਹਨ’ ਨਹੀਂ ਕਹਿੰਦਾ, ਬਲਕਿ ਠੰਡਾ ਪਾਣੀ ਪੀਓ, ਜਹੇ ਸਾਧਾਰਨ ਵਾਕ ਵਰਤਦਾ ਹੈ।

ਕਈ ਸੱਜਣ ਆਪਣੇ ਖਿਆਲ ਨੂੰ ਲੈਕਚਰ ਦੀ ਸ਼ਕਲ ਵਿਚ ਜ਼ਾਹਰ ਕਰਨੋਂ ਝਿਜਕਦੇ ਹਨ। ਜੇ ਔਖੇ ਸੌਖੇ ਹੋ ਕੇ ਖੜ੍ਹੇ ਹੋ ਵੀ ਜਾਣ ਤਾਂ ਉਨ੍ਹਾਂ ਦੇ ਖ਼ਿਆਲ ਦੀ ਸੰਗਲੀ ਟੁੱਟ-ਟੁੱਟ ਪੈਂਦੀ ਹੈ, ਅਤੇ ਬੋਲੀ ਭੀ ਰਸਮੀ ਵਹਾ ਵਿਚ ਵਹਿਣ ਤੋਂ ਸੰਗਦੀ ਹੈ। ਪਰ ਜਦ ਉਹ ਵਿਹਲੇ ਬਹਿ ਕੇ ਗੱਲਾਂ ਕਰਨ ਲੱਗਣ ਤਾਂ ਬਹੁਤ ਸੁਹਣਾ ਅਸਰ ਪਾਉਂਦੇ ਹਨ। ਕਈ ਵਾਰੀ ਡੂੰਘੇ ਖ਼ਿਆਲਾਂ ਵਾਲੇ ਜਾਂ ਬਹੁਤ ਪਿਘਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬੁਝਵੇਂ ਵਖਿਆਨਾਂ ਰਾਹੀਂ ਨਹੀਂ ਜ਼ਾਹਰ ਕਰ ਸਕਦੇ। ਪਰ ਨਿਜੀ ਤੌਰ ਤੇ ਆਪਣੇ ਸੰਗੀਆਂ ਸਾਥੀਆਂ ਵਿਚ ਬੈਠੇ ਓਹ ਗੱਲਾਂ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਨਪਲਟਾਊ ਹੁੰਦਾ ਹੈ। ਜਿਸ ਕਿਸੇ ਨੂੰ ਭਗਤ ਲਛਮਣ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਨਾਲ ਬਹਿ ਕੇ ਗੱਲਾਂ ਕਰਨ ਦਾ ਅਵਸਰ ਮਿਲਿਆ ਹੈ, ਓਹ ਦਸ ਸਕਦਾ ਹੈ ਕਿ ਪ੍ਰਾਈਵੇਟ ਗੱਲਬਾਤ ਕਰਨ ਵਿਚ ਕਿਤਨੀ ਕਰਾਮਾਤੀ ਸ਼ਕਤੀ ਹੋ ਸਕਦੀ ਹੈ। ਇਨ੍ਹਾਂ ਆਪਣੀਆਂ ਲਿਖਤਾਂ ਦੁਆਰਾ ਜਿੰਨਾ ਅਸਰ ਲੋਕਾਂ ਦੇ ਆਚਰਣ ਬਣਾਉਣ ਵਿਚ ਕੀਤਾ ਹੈ ਉਸ ਤੋਂ ਜ਼ਿਆਦਾ ਅਸਰ ਇਨ੍ਹਾਂ ਦੀਆਂ ਗੱਲਾਂ ਦਾ ਹੋਇਆ ਹੈ। ਭਗਤ ਜੀ ਨੇ ਪਿੰਡਾਂ ਤੋਂ ਸੈਦਪੁਰ ਨੂੰ ਜਾਂਦੀ ਸੜਕ ਉਤੇ ਸੈਰ ਕਰਦਿਆਂ ਆਪਣੀਆਂ ਅਮੁੱਕ ਗੱਲਾਂ ਨਾਲ ਕਿਤਨਿਆਂ ਨੌਜਵਾਨਾਂ ਦੇ ਦਿਲਾਂ ਵਿਚ ਦਸਮੇਸ਼ ਜੀ ਲਈ ਸ਼ਰਧਾ ਭਰੀ, ਪੰਥਕ ਸੇਵਾ ਲਈ ਉਤਸ਼ਾਹ ਦਿੱਤਾ ਤੇ ਕੋਸ ਕੇ, ਪੁਚਕਾਰ ਕੇ, ਕੁਰਾਹੋਂ ਰਾਹੇ ਪਾਇਆ। ਭਾਈ ਵੀਰ ਸਿੰਘ ਜੀ ਦੇ ਆਪਣੇ ਸੋਹਣੇ ਬਾਗ਼ ਦੇ ਕੋਮਲ ਦੁਆਲੇ ਵਿਚ ਬਹਿ ਕੇ, ਆਪਣੀਆਂ ਗੱਲਾਂ ਦੀ ਮੀਂਹ

੧੩੦