ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਂਗੂ ਕਿਣ-ਮਿਣ ਲਾ ਕੇ, ਕਿਤਨਿਆਂ ਦੇ ਜੀਵਨ ਵਿਚ ਰਸ ਭਰਿਆ, ਸੁਗੰਧਤ ਕੀਤਾ ਤੇ ਕੋਮਲ ਬਣਾਇਆ।

ਇਸੇ ਤਰ੍ਹਾਂ ਹਰ ਸ਼ਹਿਰ, ਹਰ ਪਿੰਡ ਵਿਚ ਕੁਝ ਕੁ ਆਦਮੀ ਹੁੰਦੇ ਹਨ, ਜੋ ਕਿਤਾਬਾਂ ਤਾਂ ਨਹੀਂ ਲਿਖਦੇ ਤੇ ਨਾ ਕਿਧਰੇ ਖੜੋੋ ਕੇ ਲੈਕਚਰ ਕਰਦੇ ਹਨ, ਪਰ ਪਰ੍ਹੇ ਵਿਚ ਬਹਿ ਕੇ ਜੋ ਅਸਰ ਓਹ ਆਪਣੀਆਂ ਗੱਲਾਂ ਨਾਲ ਪਾਉਂਦੇ ਹਨ, ਉਸ ਦੇ ਨਾਲ ਦਾ ਅਸਰ ਪਿੰਡ ਦਾ ਗ੍ਰੰਥੀ, ਪੰਡਤ ਜਾਂ ਮੁੱਲਾਂ ਭੀ ਨਹੀਂ ਪਾ ਸਕਦਾ। ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਵਿਚ ਜੋ ਕੁਝ ਥੋਕ ਕਰਕੇ ਵਿਕਦਾ ਹੈ, ਇਥੇ ਪਰਚੂਨ ਕਰਕੇ ਵਿਹਾਜਿਆ ਜਾਂਦਾ ਹੈ ਜੋ ਉਥੇ ਖ਼ਰਾਸ ਵਾਂਗੂੰ ਦਰਾਲ੍ਹਿਆ ਜਾਂਦਾ ਹੈ ਇਥੇ ਚੱਕੀ ਵਾਂਗੂੰ ਮਹੀਨ ਪੱਠਾ ਜਾਂਦਾ ਹੈ, ਜਾਂ ਇਉ ਕਹੇ ਕਿ ਜੋ ਉਥੇ ਬਿਨਾਂ ਸੋਚੇ ਸਮਝੇ ਨਿਗਲਿਆ ਜਾਂਦਾ ਹੈ, ਉਹ ਇਥੇ ਉਗਾਲੀ ਕਰ ਕੇ ਪਚਾਇਆ ਜਾਂਦਾ ਹੈ। ਇਹ ਇਕ ਪਾਰਲੀਮਿੰਟ ਹੈ ਜੋ ਹਰ ਥਾਂ ਹਰ ਵੇਲੇ ਲੱਗੀ ਰਹਿੰਦੀ ਹੈ, ਇਸ ਵਿਚ ਆਮ ਰਾਇ ਬਣਦੀ, ਵੱਡੀਆਂ-ਵੱਡੀਆਂ ਗੱਲਾਂ ਦੇ ਫੈਸਲੇ ਹੁੰਦੇ, ਕੋਮਾਂ ਉਸਰਦੀਆਂ, ਨਿਸਰਦੀਆਂ ਤੇ ਢਹਿੰਦੀਆਂ ਹਨ। ਕੌਂਸਲਾਂ ਤੇ ਅਸੈਂਬਲੀਆਂ ਵਿਚ ਜਾ ਕੇ ਮਤੇ ਪਿੱਛੋਂ ਪਾਸ ਹੁੰਦੇ ਹਨ, ਪਰ ਪਹਿਲਾਂ ਓਹ ਮਤੇ ਇਥੇ ਬਣਦੇ, ਵੋਟਾਂ ਦੀ ਤਿਆਰੀ ਹੁੰਦੀ ਤੇ ਪਾਸ ਫੇਲ੍ਹ ਕਰਨ ਦੇ ਮਨਸੂਬੇ ਬੱਝਦੇ ਹਨ। ਜੋ ਖ਼ਿਆਲ ਅੰਤਮ ਸ਼ਕਲ ਵਿਚ ਅਖ਼ਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਵਿਚ ਪ੍ਰਕਾਸ਼ਤ ਹੁੰਦੇ ਹਨ, ਪਹਿਲਾਂ ਵਿਹਲੀਆਂ ਗੱਲਾਂ ਦੀ ਸ਼ਕਲ ਵਿਚ ਇਧਰ ਉਧਰ ਗੇੜੇ ਲਾਉਂਦੇ ਰਹਿੰਦੇ ਹਨ। ਜਦ ਓਹ ਇਸ ਛੱਜ ਵਿਚੋਂ ਛਟ ਛਟੀ ਕੇ ਸਾਫ਼ ਹੋ ਕੇ ਸਾਰੀ ਜਨਤਾ ਦੇ ਸਾਮ੍ਹਣੇ ਆਉਂਦੇ ਹਨ ਤਾਂ ਵਧੇਰੇ ਪ੍ਰਮਾਣੀਕ ਗਿਣੇ ਜਾਂਦੇ ਹਨ। ਪਰ ਕੀ ਇਹ ਛਟਣ ਛਟਾਣ ਵਾਲਾ ਕੰਮ ਨਿਕੰਮਾ ਹੈ? ਇਸ ਤੋਂ ਬਿਨਾਂ ਕੋਈ ਖ਼ਿਆਲ, ਕੋਈ ਰਾਇ ਪੱਕੀ ਨਹੀਂ ਹੋ ਸਕਦੀ, ਅਤੇ ਜੋ ਉਸਾਰੀ ਕੌਮ ਦੀ ਜਾਂ ਇਸ ਦੇ ਕੰਮਾਂ ਦੀ ਹੋਵੇਗੀ ਉਹ ਕੱਚੀ ਪਿਲੀ ਜਾਂ ਛੇਤੀ ਬਦਲਣ ਵਾਲੀ ਹੋਵੇਗੀ। ਇਹ ਇਕ ਸਕੂਲ ਹੈ ਜਿਸ ਵਿਚ ਅਕਬਰ, ਰਣਜੀਤ ਸਿੰਘ, ਡਿਕਸਨ, ਟੈਗੋਰ, ਬ੍ਰਾਊਨਿੰਗ ਆਦਿ ਮਹਾਂਪੁਰਖ ਪੜ੍ਹੇ।

ਆਮ ਗੱਲ ਬਾਤ ਉਤੇ ਕੋਈ ਕਾਪੀ-ਰਾਈਟ ਦਾ ਦਾਵਾ ਨਹੀਂ ਹੁੰਦਾ। ਜਿਹੜਾ ਭੀ ਖ਼ਿਆਲ ਚੰਗਾ ਲੱਗੇ ਉਹੋ ਤੁਸੀਂ ਲੈ ਕੇ ਆਪਣੀ ਬਣਾ ਸਕਦੇ ਹੋ।

੧੩੧