ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਨੁਕਤਾ ਜਾਂ ਪੜਚੋਲੀਆਂ ਤੁਹਾਡੇ ਖ਼ਿਆਲਾਂ ਦੇ ਸੋਮੇ ਲੱਭ ਕੇ ਤੁਹਾਨੂੰ ਚੋਣ ਨਹੀਂ ਆਖ ਸਕਦਾ।

ਇਸ ਵਿਚ ਅਜ਼ਾਦੀ ਪੂਰੀ ਪੂਰੀ ਹੈ। ਨਾ ਇਸ ਵਿਚ ਖੁਫੀਆ ਪੁਲਸ ਦਾ ਡਰ, ਨਾ ਕਿਸੇ ਕਾਨੂੰਨ ਨੂੰ ਉਲੰਘਣ ਦਾ। (ਘਰ ਬੈਠ ਜੁ ਇਕ ਦੋ ਨਾਲ ਗੱਲ ਕਰਨੀ ਹੋਈ।) ਕਿਤਾਬ ਲਿਖਣ ਲਈ ਹਜ਼ਾਰ ਪਿਟਣੇ ਕਰਨੇ ਪੈਂਦੇ ਹਨ। ਪਹਿਲਾਂ ਮਸਾਲਾ ਇਕੱਠਾ ਕਰਨਾ ਹੈ, ਫਿਰ ਉਸ ਨੂੰ ਸੋਧ ਕੇ ਇਉਂ ਛਾਪਣਾ ਕਿ ਕੋਈ ਗਲਤੀ ਨਾ ਪਕੜ ਸਕੇ, ਫਿਰ ਸੱਜਣਾ ਮਿੱਤਰਾਂ ਦੀਆਂ ਨਰਾਜ਼ਗੀਆਂ, ਲੋਕਾਂ ਦੇ ਵਹਿਮਾਂ ਤੇ ਕਾਨੂੰਨ ਦੀਆਂ ਪਕੜਾਂ ਤੋਂ ਬਚਣਾ। ਜ਼ਬਾਨੀ ਗੱਲ ਕਥ ਕਰਨ ਵਿਚ ਇਹ ਪੜਾਵੇ, ਇਹ ਸੰਘਾ, ਇਹ ਰੁਕਾਵਟਾਂ ਨਹੀਂ ਹੁੰਦੀਆਂ, ਇਸ ਲਈ ਇਸ ਵਿਚ ਵਧੇਰੇ ਖੁਲ੍ਹ ਹੁੰਦੀ ਹੈ, ਜਿਸ ਵਿਚ ਵਧੇਰੇ ਅਪਣੱਤ, ਵਧੇਰੇ ਨੇਕ-ਨੀਤੀ, ਵਧੇਰੇ ਦਿਆਨਤਦਾਰੀ ਵਰਤਣ ਦਾ ਅਵਸਰ ਮਿਲਦਾ ਹੈ।

ਜੇ ਇਸ ਖੁਲ੍ਹ ਦੀ ਵਰਤਣ ਦੀ ਜਾਚ ਜਾਂ ਜ਼ੁੰਮੇਂਵਾਰੀ ਨਾ ਹੋਵੇ ਤਾਂ ਇਹ ਖੁਲ੍ਹ ਬਹੁਤ ਖਰੂੰਦ ਮਚਾਂਦੀ ਹੈ। ਆਪ ਹੁਦਰਾ ਆਦਮੀ ਗੱਪ ਸ਼ਪ ਨੂੰ ਵੈਰ ਕੱਢਣ ਦਾ ਸਾਧਨ ਬਣਾ ਲੈਂਦਾ ਹੈ। ਉਹ ਲੋਕਾਂ ਦੀ ਨਿੰਦਾ ਚੁਗਲੀ ਕਰਦਾ ਘਰ ਨੂੰ ਘਰ ਤੋਂ ਪਾੜਦਾ, ਦੋਸਤਾਂ ਮਿੱਤਰਾਂ ਵਿਚ ਗ਼ਲਤ ਫਹਿਮੀਆਂ ਪਾ ਕੇ ਨਿਖੇੜਦਾ ਤੇ ਸਾਰੇ ਭਾਈਚਾਰੇ ਵਿਚ ਕੁਰੱਸਤ ਗੁੰਝਲਾਂ ਪਾ ਦਿੰਦਾ ਹੈ। ਪਰ ਗੱਪੀ ਹੋਣ ਕਰਕੇ ਉਸ ਦੇ ਅੰਦਰ ਔਗੁਣ ਛੇਤੀ ਬਾਹਰ ਆ ਜਾਂਦੇ ਹਨ ਤੇ ਲੋਕੀ ਉਸ ਨੂੰ ਪਛਾਣ ਕੇ ਜਾਂ ਤਾਂ ਉਸ ਵੇਲੇ ਕੁਟ ਕੁਟਾ ਕਰਕੇ ਸੋਧ ਲੈਂਦੇ ਹਨ, ਜਾਂ ਉਸ ਤੋਂ ਦੂਰ ਰਹਿ ਕੇ ਉਸ ਤੋਂ ਪਿੱਛਾ ਛੁੜਾ ਲੈਂਦੇ ਹਨ।

ਖੁਲ੍ਹੀਆਂ ਗੱਲਾਂ ਕਰਨ ਦਾ ਵੀ ਇਕ ਹੁਨਰ ਹੈ, ਜੋ ਹਰ ਕਿਸੇ ਨੂੰ ਨਹੀਂ ਆਉਂਦਾ। ਇਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਕਈ ਗੁਣਾਂ ਦੀ ਲੋੜ ਹੈ। ਸਭਤੋਂ ਪਹਿਲੀ ਲੋੜ ਇਸ ਗੱਲ ਦੀ ਹੈ ਕਿ ਗੱਲ ਕਰਨ ਵਾਲਾ ਹਸਮੁਖ ਹੋਵੇ, ਉਸ ਦੇ ਦਿਲ ਵਿਚ ਲੰਮੇ ਲੰਮੇ ਵੈਰ ਨਾ ਹੋਣ। ਉਸ ਦੀ ਆਮ ਵਾਕਫ਼ੀ ਤੇ ਤਜਰਬਾ ਬਹੁਤ ਹੋਵੇ, ਜੋ ਬਹੁਤ ਕਰ ਕੇ ਸਫ਼ਰ ਕਰਨ ਤੇ ਦੇਸ਼ਾਂ ਵਿਚ ਭਉਣ ਚਉਣ ਤੋਂ ਮਿਲਦਾ ਹੈ। ਸ਼ਾਇਦ ਇਸੇ ਲਈ ਗੁਰੂ ਨਾਨਕ ਜੀ ਨੇ ਕਿਹਾ ਹੈ: 'ਬਹੁ ਤੀਰਥ ਭਵਿਆ ਤੇਤੋ ਲਵਿਆ।" ਜੋ ਕੁਝ ਆਲੇ-ਦੁਆਲੇ ਵਿਚ ਵਰਤ ਰਿਹਾ ਹੋਵੇ ਉਸ ਦੀ

੧੩੨