ਕਹਿੰਦਾ ਹੈ, ਕਿ ਦੁਨੀਆਂ ਸਾਰੀ ਲਾਂਭੇ ਹੋ ਜਾਏ ਤੇ ਬਸ, ਇਕ ਤੂੰ ਹੋਵੇਂ ਤੇ ਇਕ ਮੈਂ ਹੋਵਾਂ, ਤੇ ਦੋਵੇਂ ਬਹਿ ਕੇ ਗੱਲਾਂ ਕਰੀਏ। "ਟਾਲ੍ਹੀ ਥੱਲੇ, ਬਹਿ ਕੇ, ਹਾਂ ਮਾਹੀਆ ਵੇ! ਆ ਕਰੀਏ ਦਿਲ ਦੀਆਂ ਗੱਲਾਂ। ਤੂੰ ਮੇਰਾ ਦਰਦ ਵੰਡਾਵੇਂ! ਮੈਂ ਤੇਰੇ ਦਰਦ ਉਥੱਲਾਂ।"
ਅੰਬੀ ਦਾ ਬੂਟਾ ਹੋਵੇ, ਜਾਂ ਖੜ ਖੜ ਕਰਦੇ ਪੱਤਰਾਂ ਵਾਲਾ ਪਿਪਲ, ਜਿਥੇ ਭੀ ਬਚ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੋਂ ਨਹੀਂ ਭੁਲਦਾ, ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ। "ਜਿਥੇ ਬਹਿ ਗੱਲਾਂ ਕੀਤੀਆਂ ਬੂਟਾ ਰਖਿਆ ਨਿਸ਼ਾਨੀ।"
ਮੈਨੂੰ ਆਪਣੇ ਮਿੱਤਰ ਤੇ ਜਮਾਤੀ ਚਰਨਜੀਤ ਸਿੰਘ ਦੇ, ਪਿਆਰ ਦੀਆਂ ਯਾਦਗਾਰਾਂ ਵਿਚੋਂ ਸਭ ਤੋਂ ਵਧੇਰੇ ਯਾਦ ਰਹਿਣ ਵਾਲੀ ਓਹ ਝਾਕੀ ਹੈ ਕਿ ਜਦੋਂ ਅਸੀਂ ਐਂਟਰੈਂਸ ਦੇ ਇਮਤਿਹਾਨ ਤੋਂ ਵਿਹਲੇ ਹੋ ਕੇ ਕਾਲਜ ਦੇ ਸਾਹਮਣੇ ਵਾਲੇ ਕਿੱਕਰ1 ਹੇਠਾਂ ਰਲ ਕੇ ਬੈਠੇ ਸਾਂ ਤੇ ਘੰਟਿਆਂ ਬੱਧੀ ਅਗੇ ਪਿਛੇ ਦੀਆਂ ਗੱਲਾਂ ਕਰਦੇ ਰਹੇ ਸਾਂ। ਪਿਛਲੀਆਂ ਯਾਦਾਂ ਤੇ ਅੱਗੇ ਆਉਣ ਵਾਲੇ ਵਿਛੋੜੇ ਦੇ ਖ਼ਿਆਲ ਨੇ ਸਾਡੀਆਂ ਨਾੜਾਂ ਨੂੰ ਤਣ ਰਖਿਆ ਸੀ ਤੇ ਅਸੀਂ ਇੰਨੇ ਸੂਖਮ ਭਾਵ ਵਾਲੇ ਹੋ ਗਏ ਸਾਂ ਕਿ ਲਹਿੰਦੇ ਸੂਰਜ ਦੀ ਟਿਕੀ ਉਤੋਂ ਸਰਕਦੇ ਬੱਦਲਾਂ ਦੇ ਪਰਛਾਵੇਂ ਨੂੰ ਆਪਣੇ ਉਤੋਂ ਲੰਘਦੇ ਦੇਖ ਕੇ ਤ੍ਰਿਬਕ ਪੈਂਦੇ ਸਾਂ ਅਤੇ ਗੁਰਦੁਆਰੇ ਦੇ ਤੀਜੇ ਧੌਂਸੇ ਦੀ ਉਡੀਕ ਵਿਚ ਗੱਲਾਂ ਕਾਹਲੀ ਕਾਹਲੀ ਕਰਨ ਲੱਗ ਪੈਂਦੇ ਸਾਂ। ਪਰ ਗੱਲਾਂ ਅਮੁੱਕ ਸਨ। ਅਜੇ ਤਾਈਂ ਨਹੀਂ ਮੁੱਕੀਆਂ।
1. ਜਦ ਕੁਝ ਚਿਰ ਹੋਇਆ ਪ੍ਰਿੰਸੀਪਲ ਮਨਮੋਹਨ ਦੇ ਹੁਕਮ ਨਾਲ ਇਸ ਕਿੱਕਰ ਦਾ ਸਫ਼ਾਇਆ ਕੀਤਾ ਗਿਆ, ਤਾਂ ਮੈਂ ਕਾਲਜ ਦੀ ਮੈਗਜ਼ੀਨ ਵਿਚ ਰੋਸ ਪ੍ਰਗਟ ਕੀਤਾ। ਉਸ ਵਿਚਾਰੇ ਨੂੰ ਕੀ ਪਤਾ ਕਿ ਦਿਲ ਨੂੰ ਕਿਉ ਖੋਹ ਪੈ ਰਹੀ ਹੈ।
੧੩੫