ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਕਾਨੂੰਨ ਦੀਆਂ ਹਦ-ਬੰਦੀਆਂ ਤੋਂ ਉਤਾਂਹ ਹੋਣਾ ਹੀ ਵਡਿਆਈ ਦੀ ਨਿਸ਼ਾਨੀ ਹੈ, ਤਾਂ ਜੋ ਭੀ ਸਾਡੀ ਨਜ਼ਰ ਵਿਚ ਵੱਡਾ ਹੋਵੇਗਾ ਅਸੀਂ ਉਸ ਨੂੰ ਕੁਦਰਤੀ ਤੇ ਅਖ਼ਲਾਕੀ ਨੇਮਾਂ ਤੋਂ ਉਚੇਰਾ ਮੰਨਾਂਗੇ। ਰਾਜ ਇਸੇ ਲਈ ਨਿਹਕਲੰਕ ਮੰਨੇ ਗਏ ਹਨ ਅਤੇ ਨਬੀ, ਪੈਗੰਬਰ ਤੇ ਅਵਤਾਰ ਰੱਬ ਦੇ ਸਾਧਾਰਨ ਨੇਮਾਂ ਤੋਂ ਬਰੀ ਦੱਸੇ ਗਏ ਹਨ। ਓਹ ਸਮੁੰਦਰ ਉਤੇ ਪੈਦਲ ਚਲ ਸਕਦੇ ਸਨ, ਹਵਾ ਵਿਚ ਉੱਡ ਸਕਦੇ ਸਨ, ਕੰਧਾਂ ਦੁੜਾ ਸਕਦੇ ਸਨ, ਇਕੋ ਵੇਲੇ ਦੋ ਥਾਂਵਾਂ ਤੇ ਮੌਜੂਦ ਹੋ ਸਕਦੇ ਸਨ ਜਾਂ ਗੁਪਤ ਪ੍ਰਗਟ ਹੋ ਕੇ ਵਿਚਰ ਸਕਦੇ ਸਨ। ਇਉਂ ਮਲੂਮ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਲਈ ਕੋਈ ਕੁਦਰਤ ਦਾ ਕਾਨੂੰਨ ਹੁੰਦਾ ਈ ਨਹੀਂ।

ਇਹ ਕੁਦਰਤ ਦਾ ਕਾਨੂੰਨ ਹੈ ਕੀ? ਅਸੀਂ ਸਮਝਦੇ ਹਾਂ ਕਿ ਜਿਵੇਂ ਪਰਜਾ ਦੇ ਪ੍ਰਬੰਧ ਲਈ ਸਰਕਾਰ ਨੇ ਨੇਮ ਬਣਾਏ ਹਨ, ਤਿਵੇਂ ਮਾਦੀ ਦੁਨੀਆਂ ਦੇ ਚਲਾਣ ਲਈ ਸਾਇੰਸ ਨੇ ਕਈ ਕਾਨੂੰਨ ਘੜੇ ਹਨ, ਜਿਨ੍ਹਾਂ ਦਾ ਆਤਮਕ ਦੁਨੀਆਂ ਨਾਲ ਕੋਈ ਸੰਬੰਧ ਨਹੀਂ। ਅਸਲ ਵਿਚ ਇਹ ਭੁਲੇਖਾ ਹੈ। ਕੁਦਰਤ ਦੇ ਕਾਨੂੰਨ ਸਾਇੰਸਦਾਨਾਂ ਨੇ ਨਹੀਂ ਬਣਾਏ, ਰੱਬ ਨੇ ਆਪ ਬਣਾਏ ਹਨ। ਬਣਾਏ ਵੀ ਕਾਹਨੂੰ? ਰੱਬ ਦੀ ਰਜ਼ਾ ਹੀ ਕੁਦਰਤ ਹੈ। ਇਹ ਰਜ਼ਾ ਮਾਦੀ ਤੇ ਆਤਮਕ ਦੋਹਾਂ ਮੰਡਲਾਂ ਵਿਚ ਕੰਮ ਕਰਦੀ ਹੈ। ਜਿਥੋਂ ਤਕ ਜਿਸਦਾ ਤਾਅਲੁਕ ਸਰੀਰਕ ਦੁਨੀਆਂ ਨਾਲ ਹੈ ਇਸ ਨੂੰ 'ਕੁਦਰਤ' ਕਹਿੰਦੇ ਹਨ ਅਤੇ ਜਿਥੋਂ ਤਕ ਇਹ ਪਰਾ-ਸਰੀਰਕ ਦੁਨੀਆਂ ਵਿਚ ਕੰਮ ਕਰਦੀ ਹੈ ਇਸ ਨੂੰ ਆਤਮ-ਰਾਮ ਜਾਂ ਆਤਮ-ਜੋਤਿ ਕਹਿੰਦੇ ਹਨ। ਕੁਦਰਤ ਦੇ ਕਾਨੂੰਨ ਤੇ ਆਤਮ ਮੰਡਲ ਦੇ ਕਾਨੂੰਨ ਇਕ ਕਿਤਾਬ ਦੇ ਦੋ ਭਿੰਨ-ਭਿੰਨ ਅਧਿਆਏ ਹਨ। ਇਕ ਦਾ ਗਿਆਨ ਸਾਇੰਸ ਤੋਂ ਮਿਲਦਾ ਹੈ, ਤੇ ਦੂਜੇ ਦਾ ਧਰਮ ਪੁਸਤਕਾਂ ਤੋਂ: ਹੈਨ ਦੋਵੇਂ ਹੀ ਰੱਬ ਦੀ ਰਜ਼ਾ ਦੇ ਪਹਿਲੂ। ਇਹ ਗਿਆਨ ਲੱਭਣ ਵਾਲੇ ਮਨੁੱਖਾਂ ਨੂੰ ਅਧਾਰ ਲੱਭਾ ਹੋ ਸਕਦਾ ਹੈ, ਪਰ ਜਿਤਨਾ ਕੁ ਲੱਭਾ ਹੈ ਦੋਹਾਂ ਹਾਲਤਾਂ ਵਿਚ ਇੱਜ਼ਤ ਦੇ ਲਾਇਕ ਹੈ। ਸਾਇੰਸ ਨੂੰ ਧਰਮ ਵਲ ਕੈਰੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ, ਤੇ ਨਾ ਹੀ ਧਰਮ ਨੂੰ ਸਾਇੰਸ ਨਾਲ ਘ੍ਰਿਣਾ ਹੋਣੀ ਚਾਹੀਦੀ ਹੈ।

ਜੇ ਸਾਇੰਸ ਵਿਚ ਭੁੱਲਾਂ ਭੀ ਹਨ, ਤਾਂ ਭੀ ਇਸ ਵਿਚ ਕੁਦਰਤ ਦਾ ਕਸੂਰ ਨਹੀਂ। ਕੁਦਰਤਿ ਤਾਂ ਰੱਬ ਦੀ ਹੈ, ਸਾਇੰਸ ਜਾਂ ਸਾਇੰਸਦਾਨਾਂ ਦੀ ਨਹੀਂ,

੧੩੭