ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਤਸ਼ਾਹ ਨੇ ਆਪਣੇ ਅਸੂਲਾਂ ਨੂੰ ਨਿਰੋਲ ਰੱਖਣ ਦੇ ਬਾਵਜੂਦ ਭਗਤਾਂ ਦੀ ਪ੍ਰੇਮ-ਪੂਰਤ ਬਾਣੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਚੜ੍ਹਾਇਆ ਤੇ ਇਸ ਗੱਲ ਦੀ ਪ੍ਰਵਾਹ ਨਾ ਕੀਤੀ ਕਿ ਫ਼ਰੀਦ ਆਵਾਗਉਣ ਨੂੰ ਮੰਨਦਾ ਸੀ (ਗੋਰਾਂ ਸੋ ਨਿਮਾਣੀਆਂ ਬਹਸਨਿ ਰੂਹਾਂ ਮਲਿ) ਜਾਂ ਧੰਨਾ ਪੱਥਰ ਪੂਜਦਾ ਸੀ।

ਇਹ ਖ਼ਿਆਲ ਨਵੀਨ ਜ਼ਮਾਨੇ ਦਾ ਆਰੰਭ ਹੈ। ਇਸੇ ਤੋਂ ਧਾਰਮਕ ਤੇ ਪੁਲੀਟੀਕਲ ਰਵਾਦਾਰੀ ਪੈਦਾ ਹੁੰਦੀ ਹੈ। ਇਸੇ ਉਤੇ ਜਥੇਬੰਦੀਆਂ ਦੀ ਨੀਂਹ ਰੱਖੀ ਜਾ ਸਕਦੀ ਹੈ। ਇਸੇ ਨਾਲ ਮਨੁੱਖਾਂ ਅਤੇ ਕੌਮਾਂ ਦੀ ਆਪੋ ਵਿਚ ਬਰਾਬਰੀ ਮੰਨੀ ਜਾ ਸਕਦੀ ਹੈ। ਜੇਕਰ ਕਿਸੇ ਜਥੇਬੰਦੀ ਦਾ ਹਰ ਇਕ ਮੈਂਬਰ ਆਪਣੇ ਹੀ ਖ਼ਿਆਲਾਂ ਜਾਂ ਰਾਏ ਨੂੰ ਨਿਰੋਲ ਸੱਚੀ ਜਾਂ ਅਟੱਲ ਮੰਨ ਲਏ ਤਾਂ ਉਹ ਹੋਰਨਾਂ ਨਾਲ ਰਲ ਕੇ ਕੰਮ ਨਹੀਂ ਕਰ ਸਕਦਾ, ਨਾ ਕੋਈ ਸਾਂਝੀ ਰਾਏ ਬਣ ਸਕਦੀ ਹੈ। ਵੱਖੋ-ਵੱਖ ਰਾਵਾਂ ਨੂੰ ਮਿਲਾ ਕੇ ਮਤਾ ਪਾਸ ਕਰਨ ਦਾ ਨੇਮ, ਇਸ ਗੱਲ ਉੱਤੇ ਹੀ ਚਲ ਸਕਦਾ ਹੈ ਕਿ ਆਪਣੀ ਰਾਏ ਨੂੰ ਅਟੱਲ ਸਚਾਈ ਦੇ ਦਰਜੇ ਤੋਂ ਹੇਠਾਂ ਲਾਹ ਕੇ ਹੋਰਨਾਂ ਦੀ ਰਾਏ ਨੂੰ ਉੱਚਾ ਮੰਨਣ ਦੀ ਗੁੰਜਾਇਸ਼ ਰੱਖੀਏ।

ਸਰਬ-ਸੰਮਤੀ ਦੇ ਖ਼ਿਆਲ ਨੂੰ ਛੱਡ ਕੇ ਬਹੁ-ਸੰਮਤੀ ਦਾ ਫੈਸਲਾ ਮਨਾਉਣਾ ਭੀ ਇਕ ਭਾਰੀ ਤਰੱਕੀ ਹੈ, ਕਿਉਂਕਿ ਇਸ ਵਿਚ ਘੱਟ ਗਿਣਤੀ ਵਾਲੇ ਪੱਖ ਦਾ ਜ਼ਬਤ ਕੰਮ ਕਰਦਾ ਹੈ, ਜਿਸ ਨਾਲ ਰਾਵਾਂ ਦਾ ਵਖੇਵਾਂ ਹੁੰਦਿਆਂ ਦੂਜੇ ਦੀ ਰਾਏ ਦਾ ਨਿਰਾ ਸਤਿਕਾਰ ਨਹੀਂ ਕਰਨਾ ਪੈਂਦਾ, ਬਲਕਿ ਪਾਸ ਹੋਈ ਰਾਏ ਨੂੰ ਆਪਣੀ ਸਮਝ ਕੇ ਉਸ ਉੱਤੇ ਚੱਲਣ ਦੀ ਉਦਾਰਤਾ ਵਰਤਣੀ ਪੈਂਦੀ ਹੈ। ਬਹੁ-ਸੰਮਤੀ ਵਾਲੇ ਭੀ ਆਪਣੀ ਰਾਏ ਦੀ ਕਦਰ ਤਦੇ ਕਰਾ ਸਕਦੇ ਹਨ ਜੋ ਘੱਟ ਗਿਣਤੀ ਵਾਲਿਆਂ ਦੀ ਕੁਰਬਾਨੀ ਦੀ ਕਦਰ ਕਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਉਵੇਂ ਹੀ ਕਰਨ ਜਿਵੇਂ ਆਪਣੇ ਹੱਕਾਂ ਦੀ ਕਰਦੇ ਹਨ।

੧੪