ਪੰਨਾ:ਨਵੀਆਂ ਸੋਚਾਂ - ਪ੍ਰਿੰਸੀਪਲ ਤੇਜਾ ਸਿੰਘ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਸਣਾ ਤੇ ਕੂਕਣਾ

ਜਿਉਂ ਜਿਉਂ ਨਵੀਂ ਤਹਿਜ਼ੀਬ ਵੱਧ ਰਹੀ ਹੈ, ਖੁਸ਼ੀ ਦੇ ਪੁਰਾਣੇ ਢੰਗ ਬਦਲ ਰਹੇ ਹਨ। ਦਿਲ ਦੀ ਖੁਸ਼ੀ ਮੂੰਹ ਨਾਲ ਜ਼ਾਹਰ ਕਰਨ ਦੇ ਬਹੁਤ ਸਾਦੇ ਤਰੀਕੇ ਦੋ ਹੀ ਹੁੰਦੇ ਸਨ: ਖਿੜ-ਖਿੜਾ ਕੇ ਹੱਸਣਾ ਤੇ ਦੂਜਾ ਉੱਚਾ ਕੂਕਣਾ, ਪਰ ਨਵੀਂ ਰੌਸ਼ਨੀ ਵਾਲੇ ਲੋਕ ਇਨ੍ਹਾਂ ਦੋਹਾਂ ਤੋਂ ਕੰਨੀ ਕਤਰਾਂਦੇ ਹਨ।

ਜਦ ਦਿਲ ਵਿਚ ਆਈ ਖੁਸ਼ੀ ਦੀ ਤਰੰਗ ਆਈ ਤਾਂ ਸਿੱਧੇ ਸਾਦੇ ਲੋਕ ਜ਼ੋਰ ਨਾਲ ਬਾਛਾਂ ਖੋਲ੍ਹ ਕੇ ਖਹਿ ਖਹਿ ਕਰ ਕੇ ਹੱਸਦੇ ਸਨ, ਜਿਹਦੇ ਨਾਲ ਫਿਫੜਿਆਂ ਦੀ ਖੂਬ ਕਸਰਤ ਹੁੰਦੀ ਸੀ, ਸਗੋਂ ਸਾਰਾ ਜੁੱਸਾ ਹਿਲ ਜਾਂਦਾ ਸੀ, ਮੂੰਹ ਉੱਤੇ ਤਰੇਲੀ ਆ ਜਾਂਦੀ ਸੀ, ਵੇਖਣ ਤੇ ਸੁਣਨ ਵਾਲੇ ਦੀ ਭੀ ਤਬੀਅਤ ਸਾਫ ਹੋ ਜਾਂਦੀ ਸੀ, ਅਤੇ ਖੜੋਤੇ ਮਨ ਵਿਚ ਇਕ ਲਹਿਰ ਜਿਹੀ ਫਿਰ ਜਾਂਦੀ ਸੀ, ਇਕ ਦਾ ਹਾਸਾ ਸਾਰੀ ਸੰਗਤਾ ਨੂੰ ਖੁਸ਼ੀ ਦਾ ਹੁਲਾਰਾ ਦੇ ਜਾਂਦਾ ਸੀ।

ਪਰ ਇਹੋ ਜਿਹਾ ਹਾਸਾ ਅੱਜ ਕੱਲ੍ਹ ਬੇਤਮੀਜ਼ੀ ਤੇ ਗਵਾਰਪੁਣੇ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਜੇ ਸਕੂਲ ਵਿਚ ਕਿਸੇ ਮੁੰਡੇ ਨੂੰ ਖੁਲ੍ਹ ਕੇ ਹਾਸਾ ਆ ਜਾਵੇ, ਤਾਂ ਮਾਸਟਰ ਝੱਟ ਬੋਲ ਉੱਠਦਾ ਹੈ, "ਓਏ! ਹਿਣਕਦਾ ਕਿਉਂ ਏ?" ਮਾਸਟਰ ਹੋਰਾਂ ਨੂੰ ਇਹ ਨਹੀਂ ਪਤਾ ਕਿ ਹਿਣਕਣਾ ਅਤੇ ਹੱਸਣਾ ਇਕੋ ਸ਼ਬਦ ਹਨ। ਦਫਤਰਾਂ ਕਚਿਹਰੀਆਂ ਵਿਚ ਅਕਸਰ ਲੋਕ ਹਾਸੇ ਨੂੰ ਬੜੀ ਗੁਸਤਾਖੀ ਖਿਆਲ ਕਰਦੇ ਹਨ। ਇਹ ਵੇਖਿਆ ਹੈ ਕਿ ਬਹੁਤ ਹਾਸਾ ਬਚਪਨ ਤੇ ਜਵਾਨੀ ਵਿਚ ਆਉਂਦਾ ਹੈ। ਫਿਰ ਜਿਉਂ-ਜਿਉਂ ਉਮਰ ਵਧਦੀ ਜਾਂਦੀ ਹੈ ਤੇ ਮੂੰਹ ਤੇ ਝੁਰੜੀਆਂ ਆਉਣ ਲਗਦੀਆਂ ਹਨ, ਤਿਉਂ ਤਿਉਂ ਹੜਵਾਠਿਆਂ ਦੇ ਪੇਚ ਢਿੱਲੇ ਪੈਂਦੇ ਹਨ ਅਤੇ ਹਾਸੇ ਦੀ ਥਾਂ ਮੁਸਕ੍ਰਾਹਟ ਫੜ ਲੈਂਦੀ ਹੈ। ਜਿਵੇਂ ਸਮੁੰਦਰ ਦੇ ਵਿਚਕਾਰ ਬੜੀਆਂ ਬੜੀਆਂ ਸ਼ੂਕਦੀਆਂ ਲਹਿਰਾਂ ਦੇ ਉਛਾਲੇ ਆਉਂਦੇ

੧੫